ਭੈਣ ਦੇ ਦੋਸ਼ਾਂ ਦਾ ਮਾਮਲਾ: ਸਿੱਧੂ ਦੇ ਪਿਤਾ ਦੇ ਦੋਸਤ ਮਨਜੀਤ ਸਿੰਘ ਖਹਿਰਾ ਉਨ੍ਹਾਂ ਦੇ ਹੱਕ 'ਚ ਡਟੇ

ਏਜੰਸੀ

ਖ਼ਬਰਾਂ, ਪੰਜਾਬ

ਭੈਣ ਦੇ ਦੋਸ਼ਾਂ ਦਾ ਮਾਮਲਾ: ਸਿੱਧੂ ਦੇ ਪਿਤਾ ਦੇ ਦੋਸਤ ਮਨਜੀਤ ਸਿੰਘ ਖਹਿਰਾ ਉਨ੍ਹਾਂ ਦੇ ਹੱਕ 'ਚ ਡਟੇ

IMAGE


ਕਿਹਾ, ਗ਼ਲਤ ਦੋਸ਼ਾਂ ਨੂੰ  ਮੈਂ ਬਰਦਾਸ਼ਤ ਨਹੀਂ ਕਰ ਸਕਿਆ

ਚੰਡੀਗੜ੍ਹ, 29 ਜਨਵਰੀ (ਭੁੱਲਰ) : ਸੀਨੀਅਰ ਵਕੀਲ ਮਨਜੀਤ ਸਿੰਘ ਖਹਿਰਾ ਅਮਰੀਕਾ ਤੋਂ ਆਈ ਭੈਣ ਵਲੋਂ ਲਾਏ ਦੋਸ਼ਾਂ ਨੂੰ  ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਹੱਕ 'ਚ ਡਟੇ ਹਨ |
ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਖਹਿਰਾ ਸਿੱਧੂ ਦੇ ਪਿਤਾ ਭਗਵੰਤ ਸਿੰਘ ਦੇ ਨੇੜਲੇ ਦੋਸਤ ਰਹੇ ਹਨ, ਜਿਸ ਕਰ ਕੇ ਉਹ ਇਸ ਪਰਵਾਰ ਦੇ ਪਿਛੋਕੜ ਦੀ ਸਹੀ ਜਾਣਕਾਰੀ ਰਖਦੇ ਹਨ | ਅੱਜ ਇਥੇ ਪ੍ਰੈੱਸ ਕਲੱਬ 'ਚ ਮੀਡੀਆ ਦੇ ਰੂਬਰੂ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ 'ਤੇ ਅਪਣੇ ਆਪ ਨੂੰ  ਅਮਰੀਕਾ ਤੋਂ ਆ ਕੇ ਭੈਣ ਦੱਸਣ ਵਾਲੀ ਸੁਮਨ ਤੂਰ ਵਲੋਂ ਲਾਏ ਦੋਸ਼ਾਂ ਨਾਲ ਮੈਨੂੰ ਬਹੁਤ ਬੁਰਾ ਲਗਿਆ ਹੈ ਕਿਉਂਕਿ ਮੈਂ ਭਗਵੰਤ ਸਿੰਘ ਤੋਂ ਇਲਾਵਾ ਸਿੱਧੂ ਨੂੰ  ਵੀ ਬਚਪਨ ਤੋਂ ਚੰਗੀ ਤਰ੍ਹਾਂ ਜਾਣਦਾ ਹਾਂ | ਉਨ੍ਹਾਂ ਕਿਹਾ ਕਿ ਕਿਸੇ ਖਾਸ ਮਕਸਦ ਲਈ ਇਸ ਤਰ੍ਹਾਂ ਤੱਥਾਂ ਨੂੰ  ਤਰੋੜ-ਮਰੋੜ ਕੇ ਪੇਸ਼ ਕਰਨਾ ਬੜਾ ਮੰਦਭਾਗਾ ਹੈ | ਬਿਨਾ ਕਾਰਨ ਚੋਣਾਂ 'ਚ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਹੈ | ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਦੀ ਮੌਤ ਨੂੰ  ਵੀ 30 ਸਾਲ ਤੋਂ ਵਧ ਹੋ ਚੁੱਕੇ ਹਨ ਅਤੇ ਇਸ ਸਮੇਂ ਅਜਿਹਾ ਮਾਮਲਾ ਚੁਕਣਾ ਵਾਜਿਬ ਨਹੀਂ |
ਖਹਿਰਾ ਨੇ ਦਸਿਆ ਕਿ ਇਹ ਗੱਲ ਸਹੀ ਹੈ ਕਿ ਭਗਵੰਤ ਸਿੰਘ ਦੇ ਦੋ ਵਿਆਹ ਸਨ | ਪਹਿਲੇ ਵਿਆਹ ਵਾਲੀ ਪਤਨੀ ਪਹਿਲਾਂ ਹੀ ਵਿਆਹੀ ਹੋਈ ਸੀ ਅਤੇ ਉਸ ਦੀਆਂ ਦੋ ਲੜਕੀਆਂ ਸਨ ਪਰ
ਸਿੱਧੂ ਦਾ ਤਾਂ 1964 ਦਾ ਜਨਮ ਹੈ, ਜਦਕਿ ਉਹ ਤਾਂ ਭਗਵੰਤ ਸਿੰਘ ਨੂੰ  1959 'ਚ ਹੀ ਛੱਡ ਕੇ ਚਲੀਆਂ ਗਈਆਂ ਸਨ | ਨਵਜੋਤ ਸਿੱਧੂ ਭਗਵੰਤ ਸਿੰਘ ਦੇ ਦੂਜੇ ਵਾਲੀ ਪਤਨੀ ਦੇ ਬੇਟੇ ਹਨ | ਉਨ੍ਹਾਂ ਕਿਹਾ ਕਿ ਪਹਿਲੇ ਵਿਆਹ ਵਾਲੀ ਪਤਨੀ ਤੇ ਲੜਕੀਆਂ ਬਾਅਦ 'ਚ ਵੀ ਭਗਵੰਤ ਸਿੰਘ ਦੇ ਘਰ ਆਉਂਦੀਆਂ-ਜਾਂਦੀਆਂ ਰਹੀਆਂ ਹਨ ਪਰ ਉਦੋਂ ਕੋਈ ਵਿਵਾਦ ਵਾਲੀ ਗੱਲ ਨਾ ਹੋਈ ਤੇ ਹੁਣ ਇੰਨੇ ਲੰਮੇ ਸਮੇਂ ਬਾਅਦ ਅਜਿਹੇ ਦੋਸ਼ ਲਾਉਣਾ ਸ਼ੋਭਾ ਨਹੀਂ ਦਿੰਦਾ | ਮੈਂ ਸਿੱਧੂ ਦੇ ਪਿਤਾ ਦਾ ਪੁਰਾਣਾ ਦੋਸਤ ਹੋਣ ਕਾਰਨ ਇਹ ਗ਼ਲਤ ਦੋਸ਼ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਬਿਨਾ ਕਿਸੇ ਦੇ ਬੁਲਾਏ ਅਪਣੀ ਗੱਲ ਕਹਿਣ ਆਇਆ ਹਾਂ |