Amritsar News :ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨੈਤਿਕ ਅਧਿਕਾਰ ਗਵਾ ਚੁੱਕੀ ਅਕਾਲੀ ਲੀਡਰਸ਼ਿਪ ਹੁਕਮਨਾਮਿਆਂ ਨੂੰ ਮੰਨਣ ਤੋਂ ਮੁਨਕਰ ਸਾਬਿਤ ਹੋਈ
Amritsar News : ਪੰਜ ਸਿੰਘ ਸਹਿਬਾਨ ਦੇ ਫ਼ਸੀਲ ਤੋਂ ਪੜੇ ਹੁਕਮਨਾਮੇ ’ਚ ਕੋਈ ਤਬਦੀਲੀ ਨਹੀਂ ਹੋਈ
Amritsar News in Punjabi :ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਜਥੇਦਾਰ ਉਮੈਦਪੁਰੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਹੋਏ ਹੁਕਮਨਾਮਿਆਂ ’ਚ ਸਿੰਘ ਸਾਹਿਬਾਨ ਨੇ ਬੜਾ ਸਪਸ਼ਟ ਆਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਹ ਲੀਡਰਸ਼ਿਪ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਦੀ ਦੇਖਰੇਖ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਆਰੰਭ ਹੋਣੀ ਸੀ। ਜਥੇਬੰਦੀ ਦਾ ਢਾਂਚਾ ਦੁਬਾਰਾ ਕਾਇਮ ਕਰ ਕੇ ਪ੍ਰਧਾਨ ਦੀ ਚੋਣ ਨਵੇਂ ਸਿਰੇ ਤੋਂ ਕਰਾਉਣ ਦਾ ਆਖਿਆ ਗਿਆ ਸੀ।
7 ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਤੱਕ ਕੋਈ ਮਾਨਤਾ ਨਹੀਂ ਦਿੱਤੀ ਗਈ, ਚਾਹੇ ਸਿੰਘ ਸਾਹਿਬ ਵੱਲੋਂ ਕਈ ਵਾਰ ਇਹ ਆਖਿਆ ਗਿਆ ਸੀ ਕਿ ਇਹ ਕਮੇਟੀ ਕਾਇਮ ਹੈ ਅਤੇ ਇਹ ਹੀ ਕਮੇਟੀ ਭਰਤੀ ਕਰੇਗੀ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਿਆ ਨੂੰ 2 ਮਹੀਨੇ ਹੋ ਗਏ ਹਨ ਪਰ ਅੱਜ ਤੱਕ 7 ਮੈਂਬਰੀ ਕਮੇਟੀ ਦੀ ਕੋਈ ਮੀਟਿੰਗ ਨਹੀਂ ਸੱਦੀ ਗਈ। ਜਿਨਾਂ ਆਗੂਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਪਹਿਰਾ ਨਹੀਂ ਦਿੱਤਾ ਉਹਨਾਂ ਵੱਲੋਂ ਆਪਣੀ ਮਨ ਮਰਜ਼ੀ ਦਿਖਾਉਂਦੇ ਹੋਏ 7 ਮੈਂਬਰੀ ਕਮੇਟੀ ਨੂੰ ਪਾਸੇ ਰੱਖ ਕੇ ਆਪਣੇ ਅਬਜਰਵਰ ਨਿਯੁਕਤ ਕਰਕੇ ਭਰਤੀ ਸ਼ੁਰੂ ਕੀਤੀ ਹੋਈ ਹੈ।
ਇਸ ਤਰਾਂ ਕਰਨਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋਣਾ ਤੇ ਹੁਕਮਨਾਮੇ ਨੂੰ ਚੁਣੌਤੀ ਹੈ। ਸੱਤ ਮੈਂਬਰੀ ਕਮੇਟੀ ਦਾ ਗਠਨ ਪੰਜ ਸਿੰਘ ਸਾਹਿਬਾਨ ਵੱਲੋਂ ਕੀਤਾ ਗਿਆ ਸੀ ਅਤੇ ਇਸ ਦਾ ਵਿਸਥਾਰ ਕਰਨ ਦਾ ਅਧਿਕਾਰ ਵੀ ਪੰਜ ਸਿੰਘ ਸਾਹਿਬਾਨਾਂ ਕੋਲ ਹੀ ਹੈ। ਇਸ ਕਮੇਟੀ ਦੇ ਵਿਸਥਾਰ ’ਚ ਵੱਖਰੀਆਂ-ਵੱਖਰੀਆਂ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ, ਪ੍ਰਮੁੱਖ ਪੰਥਕ ਸ਼ਖਸੀਅਤਾਂ ਨੂੰ ਅਤੇ ਹੋਰ ਆਗੂਆਂ ਨੂੰ ਨਾਲ ਸ਼ਾਮਿਲ ਕਰਨਾ ਚਾਹੀਦਾ ਹੈ ਜਿਹੜੇ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਸਹਿਮਤ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੋੜੇ ਧੜੇ ਵੱਲੋਂ ਤਰਕਹੀਨ ,ਝੂਠਾ ਕਾਨੂੰਨ ਦਿਖਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਮਾਹਿਰ ਵਕੀਲਾਂ ਵੱਲੋਂ ਝੂਠ ਨੰਗਾਂ ਕਰਨ ਤੋ ਬਾਅਦ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਵਿੰਘੇ-ਟੇਡੇ ਢੰਗ ਨਾਲ ਅਡਜਸਟ ਕਰਨ ਦਾ ਢੌਂਗ ਰਚਿਆ ਗਿਆ ਜਿਸ ਗੱਲ ਦਾ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਹੈ।
ਜਦੋਂ ਅਸੀਂ ਦੋਵੇਂ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਮਿਲਣ ਗਏ ਸਾਂ ਤਾਂ ਉਹਨਾਂ ਵੱਲੋਂ ਆਖਿਆ ਸੀ ਕਿ ਜਿਹੜੀ ਆਗੂ ਮਨ ਮਰਜ਼ੀ ਕਰਦੇ ਹਨ ਉਹਨਾਂ ਨਾਲ ਖਾਲਸਾ ਪੰਥ ਆਪ ਹੀ ਨਿਬੜੇਗਾ। ਗਿਆਨੀ ਰਘਬੀਰ ਸਿੰਘ ਜੀ ਜੋ ਇਸ ਸਮੇਂ ਵਿਦੇਸ਼ ਗਏ ਹੋਏ ਹਨ ਇਸ ਲਈ ਅਸੀਂ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਜਾ ਕੇ ਇਹਨਾਂ ਸਾਰੇ ਹਾਲਾਤਾਂ ਬਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਦੱਸ ਕੇ ਆਵਾਂਗੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮਨਾਮਿਆਂ ਨੂੰ ਮੰਨਣ ’ਚ ਕੋਈ ਆਨਾ ਕਾਨੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਇਸ ’ਚ ਕੋਈ ਕਾਨੂੰਨੀ ਅੜਿੱਕਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸ਼ਰੇਆਮ ਅਤੇ ਜਨਤਕ ਤੌਰ ’ਤੇ ਇਹਨਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਜਿਹੜੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਰੇਆਮ ਅਤੇ ਜਨਤਕ ਤੌਰ ’ਤੇ ਉਹਨਾਂ ਵੱਲੋਂ ਹੋਈਆਂ ਗ਼ਲਤੀਆਂ ਅਤੇ ਕੀਤੇ ਗੁਨਾਹਾਂ ਨੂੰ ਮੰਨ ਗਏ ਸਨ ਉਹ ਆਗੂ ਬਾਅਦ ’ਚ ਸ਼੍ਰੀ ਮੁਕਤਸਰ ਦੀ ਪਵਿੱਤਰ ਧਰਤੀ ’ਤੇ ਜਾ ਕੇ ਝੂਠ ਬੋਲਦੇ ਸਾਬਿਤ ਹੋਏ।
ਇਹਨਾਂ ਆਗੂਆਂ ਨੇ ਇਸਨੂੰ ਵਿਵਾਦ ਖ਼ਤਮ ਕਰਨ ਅਤੇ ਅਸੀ ਕੋਈ ਗ਼ਲਤੀਆ ਨਹੀਂ ਕੀਤੀਆਂ, ਅਜਿਹੀਆ ਝੂਠੀਆਂ ਦਲੀਲਾਂ ਦਿੱਤੀਆਂ। ਇਸ ਦੇ ਨਾਲ ਮਾਘੀ ਦੇ ਪਵਿੱਤਰ ਦਿਹਾੜੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਬਜਾਏ ਹੁਕਮਨਾਮੇ ਨੂੰ ਜਨਤਕ ਤੌਰ ’ਤੇ ਸੰਗਤਾਂ ਦੇ ਹੱਥ ਖੜੇ ਕਰਵਾ ਕੇ ਚੁਣੌਤੀ ਵੀ ਦਿੱਤੀ ਗਈ। ਜਿਹੜੇ ਲੋਕ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਾਰੇ ਗੁਨਾਹ ਮੰਨ ਕੇ ਉਸ ਤੋਂ ਬਾਅਦ ਝੂਠ ਬੋਲਦੇ ਹਨ ਉਹਨਾਂ ’ਤੇ ਖਾਲਸਾ ਪੰਥ ਕਿਵੇਂ ਭਰੋਸਾ ਕਰ ਸਕਦਾ ਹੈ। ਜਿਹੜੇ ਆਗੂ ਸਿੱਖੀ ਸਿਧਾਂਤਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਾਡੀਆਂ ਰਵਾਇਤਾਂ ਤੇ ਪਰੰਪਰਾਵਾਂ ਦੇ ਵਿਰੁੱਧ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਕਦਾ ਚਿੱਤ ਵੀ ਸਿੱਖ ਪੰਥ ਮਾਫ ਨਹੀਂ ਕਰੇਗਾ।
ਸ਼੍ਰੀ ਅਕਾਲ ਤਖਤਸਾਹਿਬ ਤੋਂ ਭਗੋੜੇ ਹੋਏ ਧੜੇ ਵੱਲੋਂ ਝੂਠੀਆਂ ਕਾਨੂੰਨ ਦੀਆਂ ਦਲੀਲਾਂ ਦੀ ਆੜ ਹੇਠ ਸਿੰਘ ਸਾਹਿਬ ਤੇ ਅਸਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਆਗੂਆਂ ਨੂੰ ਕੋਈ ਸਹਿਮਤੀ ਨਹੀਂ ਦਿੱਤੀ , ਪਰ ਉਸਦੇ ਬਾਵਜੂਦ ਇਹਨਾਂ ਨੇ ਸਿੰਘ ਸਾਹਿਬ ਦੀ ਬਦੌਲਤ ਝੂਠ ਬੋਲਿਆ ਕਿ ਸਾਨੂੰ ਸਿੰਘ ਸਾਹਿਬ ਨੇ ਪ੍ਰਵਾਨਗੀ ਦੇ ਦਿੱਤੀ,ਲੇਕਿਨ ਜਦੋਂ ਅਸੀਂ ਕਮੇਟੀ ਦੇ ਮੈਂਬਰ ਅਤੇ ਐਸਜੀਪੀਸੀ ਦੇ ਮੈਂਬਰਾਂ ਦੇ ਨਾਲ ਸਿੰਘ ਸਾਹਿਬ ਨੂੰ ਮਿਲੇ ਉਹਨਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਆਖ ਦਿੱਤਾ ਕਿ ਇਹ ਬਾਹਰ ਜਾ ਕੇ ਝੂਠ ਬੋਲਦੇ ਹਨ। ਖਾਲਸਾ ਪੰਥ ਦੀਆਂ ਰਵਾਇਤਾਂ ਅਤੇ ਪਰੰਪਰਾਵਾਂ ਦੇ ਵਿਰੁੱਧ ਹੈ।
ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸਿੱਖ ਪੰਥ ਦੀ ਬੜੀ ਮਹਾਨ ਸ਼ਖਸ਼ੀਅਤ ਹਨ ਦੇ ਵਿਰੁੱਧ ਕਈ ਆਗੂਆਂ ਵੱਲੋਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੁਕਮਨਾਮਿਆਂ ਦੇ ਸੰਬੰਧ ਵਿੱਚ ,ਜਦੋਂ ਉਹਨਾਂ ਆਗੂਆਂ ਨੂੰ ਇਹ ਮਹਿਸੂਸ ਹੋ ਗਿਆ ਕਿ ਗਿਆਨੀ ਹਰਪ੍ਰੀਤ ਅਡੋਲ ,ਸਿੱਖ ਸਿਧਾਂਤਾਂ ਤੇ ਪਹਿਰਾ ਦੇ ਰਹੇ ਹਨ ਅਤੇ ਦ੍ਰਿੜਤਾ ਨਾਲ ਪਰੰਪਰਾਵਾਂ ਦੀ ਰਾਖੀ ਕਰਨਗੇ, ਉਹਨਾਂ ਦੀ ਕਿਰਦਾਰ ਕੂਸ਼ੀ ਕਰਨ ਵਿੱਚ ਕੋਈ ਢਿੱਲ ਨਹੀਂ ਛੱਡੀ ਗਈ। ਇਸ ਭਗੌੜੇ ਲੀਡਰਸ਼ਿਪ ਨੇ ਸਿੰਘ ਸਾਹਿਬਾਨਾਂ ਦੇ ਹੁਕਮਾਂ ਦੀ ਪਰਵਾਹ ਕੀਤੇ ਬਿਨਾਂ ਖਾਲਸਾ ਪੰਥ ਦੀਆਂ ਰਵਾਇਤਾਂ ਅਤੇ ਪ੍ਰੰਪਰਾਵਾਂ ਨੂੰ ਸ਼ਰੇਆਮ ਸੱਟ ਮਾਰੀ ਹੈ। ਇਹ ਆਗੂ ਆਪਣੀ ਈਨ ਮਨਾਉਣਾ ਚਾਹੁੰਦੇ ਸਨ ਲੇਕਿਨ ਇਸ ਦੇ ਨਾਲ ਸਮੁੱਚੇ ਖਾਲਸਾ ਪੰਥ ਅੰਦਰ ਇਸ ਲੀਡਰਸ਼ਿਪ ਵਿਰੁੱਧ ਰੋਸ ਅਤੇ ਬਹੁਤ ਗੁੱਸਾ ਹੈ।
ਇਹਨਾਂ ਹਾਲਾਤਾਂ ਨੂੰ ਲੈ ਕੇ ਅਕਾਲੀ ਦਲ ਦੇ ਪੈਰੋਕਾਰਾਂ ਵਿੱਚ ਨਿਰਾਸ਼ਾ ਵੀ ਪਾਈ ਜਾ ਰਹੀ ਹੈ। ਆਉਣ ਵਾਲੇ ਭਵਿੱਖ ਦੀ ਪੰਥਕ ਰਾਜਨੀਤੀ ਜਿਸ ਨੂੰ ਕਿ ਸਿੰਘ ਸਾਹਿਬਾਨ ਵੱਲੋਂ ਰੋਡ ਮੈਪ ਦਿੱਤਾ ਗਿਆ ਸੀ ਇਹਨਾਂ ਨੇ ਉਸ ਨੂੰ ਵੀ ਤਾਰਪੀਡੋ ਕਰਤਾ। ਇਹ ਸਾਰਾ ਵਰਤਾਰਾ ਸਿੱਖ ਫਲਸਫੇ ਅਤੇ ਸਿਧਾਂਤ ਦੇ ਵਿਰੁੱਧ ਕੀਤਾ ਜਾ ਰਿਹਾ ਹੈ। ਪਰ ਹੁਣ ਖਾਲਸਾ ਪੰਥ ਦੀ ਕਚਹਿਰੀ ਵਿੱਚ ਸੱਚ ਦੀ ਗਾਥਾ ਸੁਣਾ ਕੇ ਮਨ ਮਰਜ਼ੀ ਦੀਆਂ ਖੇਡਾਂ ਖੇਡਣ ਵਾਲਿਆਂ ਦੇ ਪਰਦੇਫਾਸ਼ ਕਰਕੇ ਕੌਮ ਨੂੰ ਨਵੀਂ ਸੇਧ ਦੇਣ ਦਾ ਸਮਾਂ ਆ ਗਿਆ ਹੈ।
ਹੁਣ ਸਿੱਖ ਪੰਥ ਦੀ ਕਚਹਿਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੋੜਿਆਂ ਨਾਲ ਨਜਿੱਠਣ ਦਾ ਸਮਾਂ ਆ ਗਿਆ ਹੈ ਅਤੇ ਇਸ ਕਰਮ ਵਿੱਚ ਸਮੂਹ ਪੰਥ ਦਰਦੀ ਸਿੱਖ ਸੰਸਥਾਵਾਂ ਅਤੇ ਧਾਰਮਿਕ ਆਗੂ ਆਪਣਾ ਪੂਰਾ ਯੋਗਦਾਨ ਪਾਉਣਗੇ। ਸਾਰੇ ਪੰਥ ਦੇ ਸੁਹਿਰਦ ਆਗੂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਿਲ ਕੇ ਬੇਨਤੀ ਕਰਾਂਗੇ ਕਿ ਸਾਰੀ ਸਥਿਤੀ ਨੂੰ ਸਪਸ਼ਟ ਕਰਨ ਵਾਸਤੇ ਉਹ ਪੰਥ ਦੀ ਕਚਹਿਰੀ ’ਚ ਆ ਕੇ ਹੁਕਮਨਾਮਿਆ ਦੀ ਮਹੱਤਤਾ ਨੂੰ ਜਾਣੂ ਕਰਾਉਣ।
ਖਾਲਸਾ ਪੰਥ ਦੀ ਕਚਹਿਰੀ ਵਿੱਚ ਜਿਹੜੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਗਏ ਹਨ ਉਨ੍ਹਾਂ ਦਾ ਕੱਚਾ ਚਿੱਠਾ ਸੰਗਤਾਂ ਦੇ ਸਾਹਮਣੇ ਰੱਖਣ। ਗਿਆਨੀ ਸੁਲਤਾਨ ਸਿੰਘ ਜੀ ਨੂੰ ਵੀ ਇਹਨਾਂ ਹਾਲਾਤਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਹਨਾਂ ਬਿਖਰੇ ਹੋਏ ਹਾਲਾਤਾਂ ਦੇ ਮੱਦੇ ਨਜ਼ਰ ਖਾਲਸਾ ਪੰਥ ਨੂੰ ਸਿੱਖੀ ਸਿਧਾਤਾਂ ਮਰਿਆਦਾ, ਸਿੱਖ ਪਰੰਪਰਾਵਾਂ ਅਤੇ ਰਵਾਇਤਾਂ ਨੂੰ ਬਚਾਉਣ ਵਾਸਤੇ ਹੰਭਲਾ ਮਾਰਨ ਦਾ ਸਮਾਂ ਆ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣ ਲਈ ਅਤੇ ਸਨਮਾਨ ਵਧਾਉਣ ਵਾਸਤੇ ਪਹਿਰਾ ਦੇਣ ਦਾ ਸਮਾਂ ਸਿੱਖ ਪੰਥ ਸਾਹਮਣੇ ਹੈ। ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਇੱਜਤ ਅਤੇ ਸਨਮਾਨ ਦੀ ਰਾਖੀ ਕਰਨਾ ਵੀ ਸਮੇਂ ਦੀ ਮੰਗ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੁਹਿਰਦ ਅਤੇ ਨੇਕ ਆਗੂ ਜਿਨਾਂ ਦਾ ਸੰਬੰਧ ਸੁਧਾਰ ਲਹਿਰ ਦੇ ਨਾਲ ਰਿਹਾ ਹੈ ਉਨਾਂ ਨੇ ਸਿੰਘ ਸਾਹਿਬਾਨਾਂ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਆਪਣਾ ਚੁੱਲਾ ਸਮੇਟ ਦਿੱਤਾ ਸੀ। ਗਿਆਨੀ ਹਰਪ੍ਰੀਤ ਸਿੰਘ ਅਤੇ ਬਾਕੀ ਸਿੰਘ ਸਾਹਿਬਾਨਾਂ ਨੂੰ ਸਿੱਖ ਪੰਥ ਦੀ ਕਚਹਿਰੀ ਵਿੱਚ ਸੱਚ ਰੱਖਣ ਅਤੇ ਦੁਵਿਧਾ ਦੂਰ ਕਰਨ ਦੀ ਅਪੀਲ ਕਰਦੇ ਹਾਂ।
(For more news apart from Akali leadership, which has lost its moral authority by Sri Akal Takht Sahib, has proven averse to obeying orders News in Punjabi, stay tuned to Rozana Spokesman)