ਮੋਹਾਲੀ ਦੇ ਬੱਸ ਅੱਡਿਆਂ ਕਾਰਨ ਸਵਾਰੀਆਂ ਭੰਬਲਭੂਸੇ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜੇ ਪੈਂਦੇ ਅਤੇ ਪੰਜਾਬ ਦੇ ਗੇਟਵੇ ਵਜੋਂ ਸਿਆਸੀ ਤੌਰ 'ਤੇ ਮਹਤਵਪੂਰਨ ਸ਼ਹਿਰ ਮੋਹਾਲੀ ਵਿਚਲੀਆਂ ਸਰਗਰਮੀਆਂ 'ਤੇ ਜਿਥੇ ਦੇਸ਼ਾਂ-ਵਿਦੇਸ਼ਾਂ ਵਿਚ

Bus stand

 

ਐਸ.ਏ.ਐਸ. ਨਗਰ, 4 ਅਗੱਸਤ (ਪਰਦੀਪ ਸਿੰਘ ਹੈਪੀ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜੇ ਪੈਂਦੇ ਅਤੇ ਪੰਜਾਬ ਦੇ ਗੇਟਵੇ ਵਜੋਂ ਸਿਆਸੀ ਤੌਰ 'ਤੇ ਮਹਤਵਪੂਰਨ ਸ਼ਹਿਰ ਮੋਹਾਲੀ ਵਿਚਲੀਆਂ ਸਰਗਰਮੀਆਂ 'ਤੇ ਜਿਥੇ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਭਰਾਵਾਂ ਦੀ ਪੈਨੀ ਨਜ਼ਰ ਬਣੀ ਹੋਈ ਹੁੰਦੀ ਹੈ, ਉਥੇ ਹਰ ਖ਼ਬਰ 'ਤੇ ਨਜ਼ਰ ਰਖਦਿਆਂ ਸਿਆਸੀ ਮਾਹਰਾਂ ਲਈ ਵੀ ਮੋਹਾਲੀ ਹਲਕਾ ਕਾਫ਼ੀ ਅਹਿਮ ਹੋ ਨਿਬੜਦਾ ਹੈ।
ਸਾਰੇ ਬੱਸ ਅਪਰੇਟਰ ਹੋ ਰਹੇ ਹਨ ਫ਼ੇਜ਼-8 ਬੱਸ ਅੱਡੇ 'ਚ ਸਿਫ਼ਟ : ਨਵੇਂ ਬੱਸ ਅੱਡੇ ਦਾ ਅਕਤੂਬਰ 2011 ਵਿਚ ਫ਼ੇਜ਼-6 ਵਿਖੇ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ ਜਿਸ ਦਾ ਉਦਘਾਟਨ 31 ਜੁਲਾਈ 2016 ਨੂੰ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਕੁੱਝ ਸਮਾਂ ਪਹਿਲਾਂ ਹੀ ਉਦੋਂ ਦੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਸੀ। ਇਸ ਉਦਘਾਟਨ ਸਮਾਰੋਹ ਮੌਕੇ ਇਸ ਅਤਿ ਆਧੁਨਿਕ ਬੱਸ ਟਰਮੀਨਲ ਨੂੰ ਉਸਾਰਨ ਵਾਲੀ ਕੰਪਨੀ ਸੀ. ਐਂਡ ਸੀ. ਕੰਸਟਰਕਸ਼ਨ ਲਿਮਟਿਡ ਦੇ ਚੇਅਰਮੈਨ ਗੁਰਜੀਤ ਸਿੰਘ ਜੌਹਰ ਤੋਂ ਇਲਾਵਾ ਮੋਹਾਲੀ ਨਗਰ ਨਿਗਮ ਦੇ ਪਹਿਲੇ ਮੇਅਰ ਕੁਲਵੰਤ ਸਿੰਘ ਵੀ ਮੌਜੂਦ ਸਨ।
ਬੇਸ਼ੱਕ ਇਸ ਬੱਸ ਟਰਮੀਨਲ ਦੇ ਸ਼ੁਰੂਆਤੀ ਦਿਨਾਂ ਵਿਚ 1400 ਤੋਂ ਵੱਧ ਬਸਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਇਕੇ ਰੋਜ਼ਾਨਾ ਆਉਂਦੀਆਂ ਤੇ ਇਥੋਂ ਰਵਾਨਾ ਹੁੰਦੀਆਂ ਸਨ ਪਰ ਸਮਾਂ ਬੀਤਦਿਆਂ-ਬੀਤਦਿਆਂ ਹੀ ਇਸ ਬੱਸ ਟਰਮੀਨਲ ਤੋਂ ਜ਼ਿਆਦਾਤਰ ਬੱਸ ਅਪਰੇਟਰ ਫ਼ੇਜ਼-8 ਵਿਚਲੇ ਪੁਰਾਣੇ ਬੱਸ ਅੱਡੇ ਵਲ ਸਿਫ਼ਟ ਹੋ ਗਏ ਹਨ ਅਤੇ ਪਹਿਲਾਂ ਵਾਲੀ ਰੌਣਕ ਜੋ ਸਵਾਰੀਆਂ ਦੇ ਰੂਪ ਵਿਚ ਸੀ, ਵੀ ਖ਼ਤਮ ਹੋਣ ਕਿਨਾਰੇ ਹੈ ਜਿਸ ਦਾ ਵੱਡਾ ਕਾਰਨ ਸਿਆਸੀ ਗਿਣਿਆ ਜਾ ਰਿਹਾ ਹੈ। ਇਸ ਕਾਰਨ ਮੋਹਾਲੀ ਵਾਸੀਆਂ ਵਿਚ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਰੋਜ਼ਾਨਾ ਬੱਸ ਰਾਹੀਂ ਸਫ਼ਰ ਕਰਨ ਵਾਲੇ ਲੋਕ ਵੀ ਕਾਫ਼ੀ ਪ੍ਰੇਸ਼ਾਨ ਹਨ ਕਿ ਆਖ਼ਰ ਉਹ ਕਿਧਰੋਂ ਬੱਸ ਲੈਣ। ਦੂਜਾ ਸ਼ਹਿਰ ਦੇ ਇਕ ਕੋਨੇ ਵਿਚ ਨਵੇਂ ਬਣੇ ਬੱਸ ਅੱਡੇ ਸਬੰਧੀ ਇਹ ਧਾਰਨਾ ਬਣੀ ਹੋਈ ਹੈ ਕਿ ਨਵੇਂ ਬੱਸ ਅੱਡੇ ਤੋਂ ਬੱਸ ਲੈਣ ਲਈ ਆਟੋ ਜਾਂ ਲੋਕਲ ਬੱਸ ਰਾਹੀਂ ਜਾਣਾ ਪੈਂਦਾ ਅਤੇ ਬੱਸ 'ਚੋਂ ਉਤਰਨ ਤੋਂ ਬਾਅਦ ਫਿਰ ਆਟੋ ਜਾਂ ਲੋਕਲ ਬੱਸ ਲੈਣੀ ਪੈਂਦੀ ਹੈ ਜਿਸ ਨਾਲ ਜਿਥੇ ਜ਼ਿਆਦਾ ਸਮਾਂ ਲਗਦਾ ਹੈ, ਉਥੇ ਜ਼ਿਆਦਾ ਪੈਸਾ ਵੀ ਖ਼ਰਚਣਾ ਪੈਂਦਾ ਹੈ।
ਪੰਥਕ ਸਰਕਾਰ ਨੇ ਨਾਂ ਰਖਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਜੀ ਬੱਸ ਟਰਮੀਨਲ: ਪਿਛਲੀ ਅਕਾਲੀ ਸਰਕਾਰ ਨੇ ਅਪਣੀ ਪੰਥਕ ਸੋਚ ਦਾ ਪ੍ਰਗਟਾਵਾ ਕਰਦਿਆਂ ਇਸ ਨਵੇਂ ਬੱਸ ਅੱਡੇ ਦਾ ਨਾਂ 1771 ਵਿਚ ਪਹਿਲੇ ਖ਼ਾਲਸਾ ਰਾਜ ਦੀ ਸਥਾਪਨਾ ਕਰਨ ਵਾਲੇ ਮਹਾਨ ਜਰਨੈਲ ਅਤੇ ਸਰਹਿੰਦ ਦੇ ਮੁਗ਼ਲ ਨਵਾਬ ਵਜੀਰ ਖਾਂ ਨੂੰ ਮਾਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ 'ਤੇ 'ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਜੀ ਬੱਸ ਟਰਮੀਨਲ' ਰਖਿਆ ਸੀ। 300 ਕਰੋੜ ਦੀ ਲਾਗਤ ਵਾਲੇ ਇਹ ਪ੍ਰਾਜੈਕਟ ਵੇਰਕਾ  ਚੌਕ ਨੈਸ਼ਨਨ ਹਾਈਵੇਅ-21 ਵਲੋਂ ਸ਼ਹਿਰ ਨਾਲ ਜੁੜਦਾ ਹੈ ਜੋ ਨਾਰਦਨ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਤੋਂ ਇਲਾਵਾ ਟਰਾਈਸਿਟੀ ਦੇ ਰਸਤੇ ਨੂੰ ਜੋੜਦਾ ਹੈ।
6.6 ਏਕੜ ਜਗ੍ਹਾ 'ਚ ਬਣੇ ਬੱਸ ਟਰਮੀਨਲ ਦੇ ਬਾਹਰ ਟ੍ਰੈਫ਼ਿਕ ਲਾਈਟਾਂ ਬੰਦ : ਫ਼ੇਜ਼-6 ਵਿਖੇ 6.6 ਏਕੜ ਜਗ੍ਹਾ ਵਿਚ ਬਣੇ ਇਸ ਅਤਿ ਆਧੁਨਿਕ ਬੱਸ ਅੱਡੇ ਦੇ ਬਾਹਰ ਲੱਗੀਆਂ ਟ੍ਰੈਫ਼ਿਕ ਲਾਈਟਾਂ ਪਿਛਲੇ ਦੋ ਦਿਨਾਂ ਤੋਂ ਬੰਦ ਹਨ ਜਿਸ ਕਾਰਨ ਇਥੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਵੀ ਟ੍ਰੈਫ਼ਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 


ਬੱਸ ਅੱਡੇ ਵਾਲੀ ਇਮਾਰਤ ਨੂੰ ਵੰਡਿਆ ਹੈ ਤਿੰਨ ਹਿਸਿਆਂ 'ਚ : ਫ਼ੇਜ਼-6 ਵਿਚਲੀ ਇਸ ਬੱਸ ਟਰਮੀਨਲ ਵਾਲੀ ਇਮਾਰਤ ਨੂੰ 3 ਹਿਸਿਆਂ ਵਿਚ ਵੰਡਿਆ ਹੋਇਆ ਹੈ ਜਿਸ ਦੇ ਪਹਿਲੇ ਹਿੱਸੇ ਵਿਚ ਪੂਰੀ ਤਰ੍ਹਾਂ ਅਤਿ ਆਧੁਨਿਕ ਬੱਸ ਟਰਮੀਨਲ, ਦੂਜੇ ਹਿੱਸੇ 'ਚ ਇਕ ਹੋਟਲ ਜਦਕਿ ਤੀਜੇ ਹਿੱਸੇ ਵਿਚ ਦਫ਼ਤਰ ਕਮ ਕਮਰਸ਼ੀਅਲ ਟਾਵਰ ਹੈ। ਇਸ ਬੱਸ ਟਰਮੀਨਲ ਅੰਦਰ ਰੋਜ਼ਾਨਾ 1900 ਬਸਾਂ ਨੂੰ ਹੈਂਡਲ ਕਰਨ ਦੀ ਸਮਰਥਾ ਹੈ।