ਗੂਗਲ ਨੇ ਨਹੀਂ ਚੁਣਿਆ ਹਰਸ਼ਿਤ ਨੂੰ ਗ੍ਰਾਫ਼ਿਕ ਡਿਜ਼ਾਈਨਰ ਲਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਸਕੂਲ ਚੰਡੀਗੜ੍ਹ 'ਚ ਪੜ੍ਹਨ ਵਾਲੇ ਵਿਦਿਆਰਥੀ 'ਹਰਸ਼ਿਤ ਨੂੰ ਗੂਗਲ 'ਚ ਗਰਾਫ਼ਿਕ ਡਿਜ਼ਾਈਨਿੰਗ ਲਈ ਚੁਣਿਆ' ਖ਼ਬਰ ਪਿਛਲੇ ਦਿਨੀ ਅਖਬਾਰਾਂ ਅਤੇ ਸੋਸ਼ਲ ਵੈਬਸਾਈਟਾਂ 'ਤੇ...

Harmeet

ਚੰਡੀਗੜ੍ਹ, 2 ਅਗੱਸਤ (ਅੰਕੁਰ) : ਸਰਕਾਰੀ ਸਕੂਲ ਚੰਡੀਗੜ੍ਹ 'ਚ ਪੜ੍ਹਨ ਵਾਲੇ ਵਿਦਿਆਰਥੀ 'ਹਰਸ਼ਿਤ ਨੂੰ ਗੂਗਲ 'ਚ ਗਰਾਫ਼ਿਕ ਡਿਜ਼ਾਈਨਿੰਗ ਲਈ ਚੁਣਿਆ' ਖ਼ਬਰ ਪਿਛਲੇ ਦਿਨੀ ਅਖਬਾਰਾਂ ਅਤੇ ਸੋਸ਼ਲ ਵੈਬਸਾਈਟਾਂ 'ਤੇ ਅੱਗ ਵਾਂਗੂ ਫੈਲ ਗਈ ਸੀ, ਪਰ ਹੁਣ ਖ਼ਬਰ ਆ ਰਹੀ ਹੈ ਕਿ ਇਹ ਸਾਰਾ ਮਾਮਲਾ ਨਕਲੀ ਨਿਕਲਿਆ। ਭਾਵੇਂ ਸਾਰੇ ਮਾਮਲੇ ਬਾਰੇ ਸਕੂਲ ਪ੍ਰਿੰਸੀਪਲ ਇੰਦਰਾ ਬੇਨੀਵਾਲ ਨਾਲ ਗੱਲ ਕਰਨ 'ਤੇ ਖ਼ਬਰ ਦੇ ਝੂਠ ਹੋਣ ਬਾਰੇ ਤਾਂ ਪਤਾ ਲਗ ਗਿਆ ਹੈ ਪਰੰਤੂ ਹਾਲੇ ਤੱਕ ਮਾਮਲੇ ਦਾ ਰਹੱਸ ਬਣਿਆ ਹੋਇਆ ਹੈ ਕਿ ਆਖ਼ਰ ਪੂਰਾ ਮਾਮਲਾ ਹੈ ਕੀ, ਜਿਸ ਬਾਰੇ ਹਰਸ਼ਿਤ ਹੀ ਕੁਝ ਦੱਸ ਸਕਦਾ ਹੈ, ਪਰੰਤੂ ਉਹ ਵੀ ਡਿਪ੍ਰੈਸ਼ਨ 'ਚ ਅੰਬਾਲਾ ਹਸਪਤਾਲ ਵਿਖੇ ਦਾਖ਼ਲ ਹੈ।
ਪ੍ਰਿੰਸੀਪਲ ਬੇਨੀਵਾਲ ਨੇ ਦਸਿਆ ਕਿ 15 ਦਿਨ ਪਹਿਲਾਂ ਹਰਸ਼ਿਤ ਨੇ ਅਪਣੇ ਆਈਟੀ ਦੇ ਅਧਿਆਪਕਾਂ ਨੂੰ ਦਸਿਆ ਕਿ ਉਸਦੀ ਚੋਣ ਗੂਗਲ 'ਚ ਹੋ ਗਈ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਲਈ ਹਰਸ਼ਿਤ ਨੇ ਪੂਰੇ ਸਕੂਲ ਨੂੰ ਮਿਠਾਈ ਵੀ ਵੰਡੀ ਸੀ, ਜਿਸ 'ਤੇ ਅਧਿਆਪਕਾਂ ਨੇ ਪ੍ਰਿੰਸੀਪਲ ਨੂੰ ਇਹ ਗੱਲ ਦੱਸੀ। ਪ੍ਰਿੰਸੀਪਲ ਨੇ ਉਨ੍ਹਾਂ ਨੂੰ ਪੂਰੀ ਗੱਲ ਲਿਖ ਕੇ ਲਿਆਉਣ ਨੂੰ ਕਿਹਾ। ਸਕੂਲ ਅਧਿਆਪਕਾਂ ਨੇ ਸਾਰੀ ਗੱਲ ਲੈੱਟਰ ਹੈਡ 'ਤੇ ਲਿਖ ਦਿਤੀ ਅਤੇ ਨਾਲ ਦੀ ਨਾਲ ਜਾਣਕਾਰੀ ਸਿਖਿਆ ਵਿਭਾਗ ਦੇ ਪੀਆਰਓ ਨੂੰ ਭੇਜ ਦਿਤੀ। ਵਿਭਾਗ ਨੇ ਸਕੂਲ ਤੋਂ ਗੂਗਲ ਵਲੋਂ ਲੈਟਰ ਦੀ ਕਾਪੀ ਮੰਗੀ ਤਾਂ ਹਰਸ਼ਿਤ ਨੇ ਜਾਅਲੀ ਕਾਪੀ ਦੇ ਦਿਤੀ। ਉਪਰੰਤ ਜਦੋਂ ਗੂਗਲ ਅਧਿਕਾਰੀਆਂ ਨਾਲ ਵਿਭਾਗੀ ਅਧਿਕਾਰੀਆਂ ਦੀ ਗੱਲ ਹੋਈ ਤਾਂ ਗੂਗਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਅਜਿਹਾ ਕੋਈ ਆਫ਼ਰ ਨਹੀਂ ਕੀਤਾ ਹੈ।
ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਸਿਖਿਆ ਵਿਭਾਗ ਨੇ ਪ੍ਰੈੱਸ ਨੋਟ ਜਾਰੀ ਕਰਨ 'ਚ ਐਨੀ ਜਲਦੀ ਕਿਉਂ ਕੀਤੀ? ਕੀ ਵਿਭਾਗ ਨੂੰ ਉਸ ਬਾਰੇ ਪਹਿਲਾਂ ਜਾਂਚ ਨਹੀਂ ਕਰਵਾਉਣੀ ਚਾਹੀਦੀ ਸੀ? ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਦੀ ਪੂਰੀ ਰਿਪੋਰਟ ਮੰਗੀ ਹੈ।
ਜਾਣਕਾਰੀ ਮੁਤਾਬਿਕ ਹਰਿਆਣਾ ਦੇ ਕੁਰੂਕਸ਼ੇਤਰ ਦਾ ਰਹਿਣ ਵਾਲੇ ਹਰਸ਼ਿਤ ਬਾਰੇ ਦਸਿਆ ਗਿਆ ਸੀ ਕਿ ਉਹ 7 ਅਗੱਸਤ ਨੂੰ ਗੂਗਲ 'ਚ ਟ੍ਰੇਨਿੰਗ ਲਈ ਕੈਲੀਫੋਰਨੀਆ ਜਾਵੇਗਾ। ਸ਼ੁਰੁਆਤੀ ਇਕ ਸਾਲ ਲਈ ਹਰਸ਼ਿਤ ਨੂੰ ਟ੍ਰੇਨਿੰਗ 'ਤੇ ਰਖਿਆ ਜਾਵੇਗਾ, ਜਿਸ ਦੌਰਾਨ ਉਸਨੂੰ ਹਰ ਮਹੀਨਾ 4 ਲੱਖ ਰੁ. ਸੈਲਰੀ ਮਿਲੇਗੀ। ਟ੍ਰੇਨਿੰਗ ਖ਼ਤਮ ਹੋਣ ਬਾਅਦ ਉਸਨੂੰ ਹਰ ਮਹੀਨੇ 12 ਲੱਖ ਰੁਪਏ ਸੈਲਰੀ ਮਿਲੇਗੀ। ਹਰਸ਼ਿਤ ਦਾ ਕਹਿਣਾ ਸੀ ਕਿ ਜਦੋਂ ਉਹ 10 ਸਾਲ ਦਾ ਸੀ ਉਦੋਂ ਤੋਂ ਹੀ ਉਸਦਾ ਝੁਕਾਵ ਗਰਾਫ਼ਿਕ ਡਿਜ਼ਾਈਨਿੰਗ ਸਿੱਖਣ ਦੀ ਤਰਫ਼ ਹੋ ਗਿਆ ਸੀ। ਉਸਨੂੰ ਗੂਗਲ ਨੇ ਗਰਾਫ਼ਿਕ ਡਿਜ਼ਾਈਨ ਦੀ ਸਟੱਡੀ ਲਈ ਗੂਗਲ ਸੈਂਟਰ ਅਮਰੀਕਾ 'ਚ ਬੁਲਾਇਆ ਹੈ। ਉਸਦੀ ਸਟਡੀ ਦਾ ਪੂਰਾ ਖ਼ਰਚਾ ਗੂਗਲ ਚੁੱਕੇਗਾ। ਉਸਦੇ ਪਿਤਾ ਕੈਥਲ 'ਚ ਕਾਲਜ ਪ੍ਰਿੰਸੀਪਲ ਹਨ ਅਤੇ ਉਨ੍ਹਾਂ ਦੀ ਮਾਤਾ ਸਕੂਲ ਵਿਚ ਪ੍ਰਿੰਸੀਪਲ ਹੈ।