ਨਵੇਂ ਭਰਤੀ ਹੋਏ ਮੁਲਾਜ਼ਮਾਂ ਦਾ ਪਰਖ ਸਮਾਂ ਤਿੰਨ ਸਾਲ ਤੋਂ ਦੋ ਸਾਲ ਹੋਇਆ
ਪੰਜਾਬ ਸਰਕਾਰ ਨੇ ਸਤੰਬਰ 2016 ਤੋਂ ਪਹਿਲਾਂ ਸ਼ੁਰੂ ਹੋਈ ਭਰਤੀ ਪ੍ਰਕ੍ਰਿਆ ਵਾਲੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਨੌਕਰੀ ਦਾ ਪਰਖ ਸਮਾਂ ਤਿੰਨ ਸਾਲ ਤੋਂ..
ਚੰਡੀਗੜ੍ਹ, 3 ਅਗੱਸਤ (ਜੈ ਸਿੰਘ ਛਿੱਬਰ) : ਪੰਜਾਬ ਸਰਕਾਰ ਨੇ ਸਤੰਬਰ 2016 ਤੋਂ ਪਹਿਲਾਂ ਸ਼ੁਰੂ ਹੋਈ ਭਰਤੀ ਪ੍ਰਕ੍ਰਿਆ ਵਾਲੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਨੌਕਰੀ ਦਾ ਪਰਖ ਸਮਾਂ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰ ਦਿਤਾ ਹੈ।
ਆਮ ਰਾਜ ਪ੍ਰਬੰਧ ਵਿਭਾਗ ਨੇ ਇਸ ਸਬੰਧ ਵਿਚ ਪੱਤਰ ਜਾਰੀ ਕੀਤਾ ਹੈ। ਵਿਭਾਗ ਦੇ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਵਲੋਂ ਜਾਰੀ ਪੱਤਰ ਅਨੁਸਾਰ 5 ਸਤੰਬਰ 2016 ਦਾ ਨੋਟੀਫ਼ੀਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਸ਼ੁਰੂ ਹੋਈ ਭਰਤੀ ਪ੍ਰਕ੍ਰਿਆ ਵਾਲੇ ਮੁਲਾਜ਼ਮਾਂ ਦਾ ਪਰਖ ਕਾਲ ਦੋ ਸਾਲ ਹੀ ਰਹੇਗਾ। ਸਿਵਲ ਸਕੱਤਰੇਤ ਵਿਚ ਭਰਤੀ 120 ਸੀਨੀਅਰ ਸਹਾਇਕਾਂ ਦੀ ਪ੍ਰਤੀ ਬੇਨਤੀ 'ਤੇ ਪ੍ਰਮੁੱਖ ਸਕੱਤਰ ਨੇ 1 ਅਗੱਸਤ 2017 ਨੂੰ ਪੱਤਰ ਜਾਰੀ ਕਰ ਕੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਭਰਤੀ ਪ੍ਰਕ੍ਰਿਆ 5 ਸਤੰਬਰ 2016 ਵਾਲੇ ਨੋਟੀਫ਼ੀਕੇਸ਼ਨ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ, ਉਨ੍ਹਾਂ ਉਤੇ 3 ਸਾਲ ਦੇ ਪਰਖ ਕਾਲ ਦੀ ਸ਼ਰਤ ਲਾਗੂ ਨਹੀਂ ਹੁੰਦੀ। ਅਕਾਲੀ ਭਾਜਪਾ ਸਰਕਾਰ ਨੇ ਪਰਖ ਸਮੇਂ 'ਚ ਵਾਧਾ ਕਰਦਿਆਂ ਦੋ ਤੋਂ ਤਿੰਨ ਸਾਲ ਕੀਤਾ ਸੀ। ਸਰਕਾਰ ਦੇ ਇਸ ਫ਼ੈਸਲੇ ਨਾਲ ਵੱਖ ਵੱਖ ਵਿਭਾਗਾਂ 'ਚ ਭਰਤੀ ਨਵੇਂ ਮੁਲਾਜ਼ਮਾਂ ਸਮੇਤ ਇਕੱਲੇ ਸਕੱਤਰੇਤ 'ਚ 700 ਤੋਂ ਵੱਧ ਮੁਲਾਜ਼ਮਾਂ ਨੂੰ ਲਾਭ ਮਿਲੇਗਾ।
ਪੰਜਾਬ ਸਿਹਤ ਵਿਭਾਗ ਦੀ ਮਾਸ ਮੀਡੀਆ ਇੰਪਲਾਈਜ਼ ਐਂਡ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਣਬੀਰ ਸਿੰਘ ਢੰਡੇ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਰਾਣਾ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਸਿਹਤ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧ ਵਿਚ ਵਖਰੇ ਤੌਰ 'ਤੇ ਪੱਤਰ ਜਾਰੀ ਕਰੇ ਤਾਕਿ ਨਵ-ਨਿਯੁਕਤ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨੂੰ ਵੀ ਇਸ ਫ਼ੈਸਲੇ ਦਾ ਤੁਰਤ ਫ਼ਾਇਦਾ ਮਿਲ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿਚ ਛੇਤੀ ਹੀ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖ ਰਹੇ ਹਨ।