ਅੰਮ੍ਰਿਤਸਰ: ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਵਲੋਂ ਕੀਤਾ ਗਿਆ ਬਚਾਅ ਕੰਮਾਂ ਲਈ ਅਭਿਆਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੀਬ ਇਕ ਘੰਟਾ ਚੱਲੇ ਇਸ ਅਭਿਆਸ ਤੋਂ ਬਾਅਦ ਸਾਰੇ ਅਧਿਕਾਰੀਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਢਿਲੋਂ ਦੀ ਅਗਵਾਈ ਹੇਠ ਹੋਈ

Amritsar team take a practice in tha case of earthquck

ਅੰਮ੍ਰਿਤਸਰ : ਕੁਦਰਤੀ ਆਫ਼ਤ ਭੁਚਾਲ ਨਾਲ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਨਾਲ ਨਜਿੱਠਣ ਤੇ ਅਜਿਹੇ ਮੌਕੇ ਲੋਕਾਂ ਨੂੰ ਬਚਾਉਣ ਲਈ ਕੀਤੇ ਜਾ ਸਕਣ ਵਾਲੇ ਕੰਮਾਂ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਅੱਜ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਵਿਸੇਸ਼ ਸੱਦੇ ਉਤੇ ਨੈਸ਼ਨਲ ਡਿਸਾਸਟਰ ਰਿਸਪਾਂਸ ਫੋਰਸ ਦੀ ਸਹਾਇਤਾ ਨਾਲ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਤੋਂ ਇਲਾਵਾ ਪੁਲਿਸ, ਫ਼ੌਜ, ਬੀਐਸਐੈਫ਼, ਸੀਆਈਐਸਐਫ਼, ਸਪੈਸ਼ਲ ਉਪਰੇਸ਼ਨ ਪੁਲਿਸ ਵਲੋਂ ਬਚਾਅ ਕੰਮਾਂ ਲਈ ਅਭਿਆਸ ਕੀਤਾ ਗਿਆ।

ਇਸ ਮੌਕੇ ਅਭਿਆਸ ਦੇ ਨੋਡਲ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ ਵਲੋਂ ਉਲੀਕੀ ਯੋਜਨਾ ਤਹਿਤ ਟਾਊਨ ਹਾਲ ਅਤੇ ਮਾਲ ਆਫ਼ ਅੰਮ੍ਰਿਤਸਰ ਦੀ ਇਮਾਰਤ ਨੂੰ ਭੂਚਾਲ ਕਾਰਨ ਨੁਕਸਾਨ ਪੁੱਜਣ ਅਤੇ ਉਥੇ ਸੈਂਕੜੇ ਲੋਕਾਂ ਦੇ ਫਸ ਜਾਣ ਦੀ ਸਥਿਤੀ ਉਲੀਕੀ ਗਈ। ਉਕਤ ਸਥਿਤੀ ਦੇ ਮੱਦੇਨਜ਼ਰ ਤੁਰਤ ਹੰਗਾਮੀ ਮੀਟਿੰਗ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਹੋਈ ਅਤੇ ਸਾਰੇ ਵਿਭਾਗਾਂ ਨੂੰ ਤੁਰਤ ਘਟਨਾ ਸਥਾਨ 'ਤੇ ਪੁੱਜਣ ਦੀ ਹਦਾਇਤ ਕੀਤੀ ਗਈ।

ਕਰੀਬ 15 ਮਿੰਟ ਦੇ ਵਕਫ਼ੇ ਨਾਲ ਦੋਵਾਂ ਸਥਾਨਾਂ ਉਤੇ ਬਚਾਅ ਟੀਮਾਂ ਪੁੱਜ ਕੇ ਅਪਣੇ ਕੰਮਾਂ ਵਿਚ ਲੱਗ ਗਈਆਂ, ਜਿੰਨਾਂ ਨੂੰ ਲੋਕਾਂ ਨੂੰ ਕੱਢਣ ਅਤੇ ਜ਼ਖਮੀਆਂ ਦੀ ਸਾਂਭ-ਸੰਭਾਲ ਦਾ ਕੰਮ ਦਿਤਾ ਗਿਆ ਸੀ। ਦੋਵਾਂ ਥਾਵਾਂ ਉਤੇ ਫਸੇ ਲੋਕਾਂ ਨੂੰ ਕੱਢਣ ਦਾ ਅਭਿਆਸ ਅਤੇ ਇਸ ਮੌਕੇ ਹੋਣ ਵਾਲੀ ਸਾਰੀ ਕਾਰਵਾਈ ਦਾ ਮੁੰਕਮਲ ਅਭਿਆਸ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਐੱਸ ਸ਼੍ਰੀਵਾਸਤਵ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਕਮਾਡੈਂਟ ਰਵੀ ਕੁਮਾਰ ਅਤੇ ਡਿਪਟੀ ਕਮਾਡੈਂਟ ਲੋਕੇਂਦਰ ਸਿੰਘ,

ਡੀਸੀਪੀ ਭੁਪਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਆਦਿ ਮੌਜੂਦ ਰਹੇ। ਇਸ ਤੋਂ ਇਲਾਵਾ ਐਸਡੀਐਮ ਪਲਵੀ ਚੌਧਰੀ, ਐੱਸਡੀਐੱਮ ਰਜਤ ਉਬਰਾਏ, ਐੱਸਡੀਐੱਮ ਵਿਕਾਸ ਹੀਰਾ, ਐੱਸਡੀਐੱਮ ਸ਼ਿਵਰਾਜ ਸਿੰਘ ਬੱਲ, ਐੱਸਡੀਐੱਮ ਅਸ਼ੋਕ ਸ਼ਰਮਾ ਨੇ ਬਚਾਅ ਪੱਖ ਦੇ ਕੰਮਾਂ ਵਿਚ ਟੀਮਾਂ ਦਾ ਸਾਥ ਦਿਤਾ। ਕਰੀਬ ਇਕ ਘੰਟਾ ਚੱਲੇ ਇਸ ਅਭਿਆਸ ਤੋਂ ਬਾਅਦ ਸਾਰੇ ਅਧਿਕਾਰੀਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਢਿਲੋਂ ਦੀ ਅਗਵਾਈ ਹੇਠ ਹੋਈ,

ਜਿਸ ਵਿਚ ਉਨ੍ਹਾਂ ਇਸ ਮੌਕੇ ਹੋਈਆਂ ਊਣਤਾਈਆਂ ਨੂੰ ਧਿਆਨ ਵਿਚ ਲਿਆ ਕੇ ਜ਼ਿਲ੍ਹੇ ਦੀ ਮੁਕੰਮਲ ਅਪਾਤਕਾਲੀ ਯੋਜਨਾਬੰਦੀ ਉਲੀਕਣ ਦੀ ਹਦਾਇਤ ਕੀਤੀ, ਤਾਂ ਜੋ ਕਿਸੇ ਵੀ ਤਰਾਂ ਦੇ ਹਾਲਤਾਂ ਨਾਲ ਤੁਰੰਤ ਨਿਜੱਠੀਆ ਜਾ ਸਕੇ। ਢਿਲੋਂ ਨੇ ਸਪੱਸ਼ਟ ਕੀਤਾ ਕਿ ਇੰਨਾਂ ਹਲਾਤਾਂ ਨਾਲ ਨਿਜੱਠਣ ਲਈ ਕਈ ਵਾਰ ਵਿਸ਼ੇਸ਼ ਸਿਖਲਾਈ ਵੀ ਕੰਮ ਨਹੀਂ ਆਉਂਦੀ, ਬਲਕਿ ਤੁਹਾਡੀ ਇਨਸਾਨੀਅਤ ਪ੍ਰਤੀ ਸੋਚ ਅਤੇ ਫਰਜ਼ ਆਪਣੇ ਆਪ ਰਸਤੇ ਲੱਭ ਦਿੰਦੇ ਹਨ ਅਤੇ ਲੋਕ ਸਭ ਤੋਂ ਵੱਡੇ ਸਾਥੀ ਹੋ ਕੇ ਤੁਹਾਡੇ ਨਾਲ ਤੁਰਦੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਆਰਟੀਏ ਦਰਬਾਰਾ ਸਿੰਘ, ਕੈਪਟਨ ਅਜੈਪਾਲ ਸਿੰਘ ਅਤੇ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ।