ਪੰਜਾਬ ਦੀ ਕਾਂਗਰਸ ਸਰਕਾਰ ਕੋਰੋਨਾ ਦੀ ਆੜ ‘ਚ ਸਰਕਾਰੀ ਸਕੂਲਾਂ ਦੇ ਦਾਖਲੇ ਵਧਾ ਰਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਸਭ 2022 ਦੀਆਂ ਚੋਣਾਂ ਸਿੱਖਿਆ ਦੇ ਅਧਾਰ ’ਤੇ ਲੜਣ ਲਈ ਕੀਤਾ ਜਾ ਰਿਹਾ: ਆਗੂ

Student

ਚੰਡੀਗੜ੍ਹ: ਪ੍ਰਾਈਵੇਟ ਸਕੂਲਾਂ ਦੀ ਇਕ ਅਹਿਮ ਮੀਟਿੰਗ ਨੈਸ਼ਨਲ ਐਫੀਲੀਏਟਡ ਸਕੂਲਜ਼ ਐਸੋਸੀਏਸ਼ਨ (ਨਾਸਾ) ਪੰਜਾਬ ਦੇ ਪ੍ਰਧਾਨ ਨਿਰਮਲ ਸਿੰਘ ਰਿਊਣਾ ਦੀ ਪ੍ਰਧਾਨਗੀ ਹੇਠ ਫਤਿਹਗੜ ਸਾਹਿਬ ਵਿਖੇ ਹੋਈ। ਮੀਟਿੰਗ ਵਿਚ ਪ੍ਰਾਈਵੇਟ ਸਕੂਲਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ’ਤੇ ਵਿਚਾਰ ਚਰਚਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੋਰੋਨਾ ਦੀ ਆੜ ਵਿਚ ਸਰਕਾਰੀ ਸਕੂਲਾਂ ਦੇ ਦਾਖਲੇ ਵਧਾ ਰਹੀ ਹੈ ਅਤੇ ਘਰ-ਘਰ ਜਾ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜਾਉਣ ਲਈ ਕਿਹਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਿਚ ਜਿਨਾਂ ਯੋਗਦਾਨ ਸਰਕਾਰੀ ਸਕੂਲਾਂ ਦਾ ਹੈ, ਉਨਾਂ ਹੀ ਯੋਗਦਾਨ ਪ੍ਰਾਈਵੇਟ ਸਕੂਲ ਵੀ ਪਾ ਰਹੇ ਹਨ। ਉਨਾਂ ਕਿਹਾ ਕਿ ਵਾਰ-ਵਾਰ ਕੋਰੋਨਾ ਦਾ ਕਹਿਕੇ ਸਕੂਲ ਬੰਦ ਕੀਤੇ ਜਾ ਰਹੇ ਹਨ, ਜਦੋਂ ਕਿ ਪ੍ਰਾਈਵੇਟ ਸਕੂਲਾਂ ਨੂੰ ਕਈ ਤਰਾਂ ਦੀਆਂ ਐੱਨ.ਓ.ਸੀਜ਼ ਲੈਣੀਆਂ ਪੈਂਦੀਆਂ ਹਨ ਅਤੇ ਟਰਾਂਸਪੋਰਟ ਸਮੇਤ ਹੋਰ ਵੀ ਕਈ ਖਰਚੇ ਹੁੰਦੇ ਹਨ। ਜਦੋਂ ਕਿ ਦਿੱਲੀ ਅਤੇ ਹਰਿਆਣਾ ਵਿਖੇ ਸਕੂਲ ਖੁੱਲੇ ਹਨ। ਉਨਾਂ ਕਿਹਾ ਕਿ ਇਹ ਸਭ ਕੁਝ ਪੰਜਾਬ ਦੀ ਕਾਂਗਰਸ ਸਰਕਾਰ 2022 ਦੀਆਂ ਚੋਣਾਂ ਸਿੱਖਿਆ ਦੇ ਅਧਾਰ ’ਤੇ ਲੜਣ ਲਈ ਕਰ ਰਹੀ ਹੈ।

ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਬਾਦਸ਼ਾਹਪੁਰ ਨੇ ਕਿਹਾ ਕਿ ਸਕੂਲਾਂ ਸਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸਕੂਲਾਂ ਦੀਆਂ ਜੱਥੇਬੰਦੀਆਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ। ਉਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਉਨਾਂ ਨੂੰ ਬੰਦ ਕਰਨੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਜੇਕਰ ਸਰਕਾਰ ਨੇ ਸਕੂਲ ਨਾ ਖੋਲੇ ਤਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੋਵੇਗੀ।