ਪੰਜਾਬ ਦੇ ਸਾਰੇ ਨਗਰ ਸੁਧਾਰ ਟਰੱਸਟ ਭੰਗ, ਮਾਨ ਸਰਕਾਰ ਨੇ ਜਾਰੀ ਕੀਤੇ ਹੁਕਮ
ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਟਰੱਸਟ ਦੇ ਕੰਮਕਾਜ ਦੀ ਨਿਗਰਾਨੀ ਕਰਨਗੇ।
ਚੰਡੀਗੜ੍ਹ: ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਸਾਰੇ ਨਗਰ ਸੁਧਾਰ ਟਰੱਸਟਾਂ ਨੂੰ ਭੰਗ ਕਰ ਦਿੱਤਾ ਹੈ। ਇਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਸਮੇਂ ਤੋਂ ਨਿਯੁਕਤ ਕੀਤੇ ਗਏ ਸਾਰੇ ਚੇਅਰਮੈਨ ਅਤੇ ਟਰੱਸਟੀਆਂ ਦੀ ਛੁੱਟੀ ਹੋ ਗਈ ਹੈ। ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਟਰੱਸਟ ਦੇ ਕੰਮਕਾਜ ਦੀ ਨਿਗਰਾਨੀ ਕਰਨਗੇ। ਉਹਨਾਂ ਨੂੰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਚਾਰਜ ਦਿੱਤਾ ਗਿਆ ਹੈ। ਇਸ ਸਮੇਂ ਪੰਜਾਬ ਵਿਚ 28 ਇੰਪਰੂਵਮੈਂਟ ਟਰੱਸਟ ਹਨ।
Photo
ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਦਲਣ ਤੋਂ ਬਾਅਦ ਵੀ ਕਈ ਕਾਂਗਰਸੀ ਕੁਰਸੀਆਂ ’ਤੇ ਡਟੇ ਹੋਏ ਸਨ। ਪੰਜਾਬ ਵਿਚ 40 ਦੇ ਕਰੀਬ ਬੋਰਡ, 12 ਕਾਰਪੋਰੇਸ਼ਨਾਂ ਹਨ। ਇਹਨਾਂ ਤੋਂ ਇਲਾਵਾ ਮਾਰਕਫੈੱਡ, ਮਿਲਕਫੈੱਡ, ਕੋ-ਆਪਰੇਟਿਵ ਬੈਂਕ ਸਮੇਤ 150 ਦੇ ਕਰੀਬ ਅਜਿਹੇ ਬੋਰਡ ਅਤੇ ਕਾਰਪੋਰੇਸ਼ਨ ਹਨ, ਜਿੱਥੇ ਸਰਕਾਰ ਨਾਲ ਜੁੜੇ ਪਾਰਟੀ ਦੇ ਅਹੁਦੇਦਾਰ ਉੱਚ ਅਹੁਦਿਆਂ 'ਤੇ ਨਿਯੁਕਤ ਹਨ।
Ludhiana Improvement Trust
ਇਹਨਾਂ 'ਚੋਂ ਕਈ ਕੈਬਨਿਟ ਰੈਂਕ ਦੇ ਅਹੁਦੇ 'ਤੇ ਵੀ ਹਨ। ਉਹਨਾਂ ਨੂੰ ਗੰਨਮੈਨਾਂ ਦੇ ਨਾਲ-ਨਾਲ ਭੱਤੇ, ਸਰਕਾਰੀ ਕੋਠੀ ਅਤੇ ਕਾਰ ਵੀ ਮਿਲਦੀ ਹੈ। ਪੰਜਾਬ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 117 ਵਿਚੋਂ 92 ਸੀਟਾਂ ਜਿੱਤੀਆਂ ਹਨ। ਸੂਬਾ ਸਰਕਾਰ ਵਿਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਅਜਿਹੀ ਸਥਿਤੀ ਵਿਚ ਬਾਕੀ ਵਿਧਾਇਕਾਂ ਨੂੰ ਅਡਜਸਟ ਕਰਨ ਲਈ ਬੋਰਡ ਅਤੇ ਨਿਗਮਾਂ ਦਾ ਸਹਾਰਾ ਲਿਆ ਜਾ ਸਕਦਾ ਹੈ।