ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਹੋਈ ਕਾਂਗਰਸ ਪਾਰਟੀ ਦੀ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਹੋਈ ਕਾਂਗਰਸ ਪਾਰਟੀ ਦੀ ਮੀਟਿੰਗ

image


ਲੁਧਿਆਣਾ, 29 ਮਾਰਚ (ਰਾਣਾ ਮੱਲ ਤੇਜੀ) : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਚਾਰ ਰਾਜਾਂ ਦੇ ਮੁਖੀਆਂ ਤੋਂ ਅਸਤੀਫ਼ੇ ਲੈ ਲਏ ਹਨ | ਸਿੱਧੂ ਨੇ ਕਾਂਗਰਸ ਪ੍ਰਧਾਨ ਦੀ ਇੱਛਾ ਅਨੁਸਾਰ ਅਪਣਾ ਅਸਤੀਫ਼ਾ ਭੇਜਿਆ ਸੀ ਅਤੇ ਇਸ ਦੀ ਜਾਣਕਾਰੀ ਟਵੀਟ ਰਾਹੀਂ ਸਿੱਧੂ ਨੇ ਦਿੱਤੀ ਸੀ |  ਹੁਣ ਕਾਂਗਰਸ ਹਾਈਕਮਾਂਡ ਜਲਦੀ ਹੀ ਪੰਜਾਬ ਕਾਂਗਰਸ ਨੂੰ  ਨਵਾਂ ਪ੍ਰਧਾਨ ਅਤੇ ਵਿਰੋਧੀ ਧਿਰ ਦਾ ਨੇਤਾ ਦੇਣ ਜਾ ਰਹੀ ਹੈ | ਇਸ ਦੇ ਲਈ ਅਜਿਹੀਆਂ ਰੀਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਕਾਂਗਰਸ ਹਾਈਕਮਾਂਡ ਕੋਲ ਰਵਨੀਤ ਸਿੰਘ ਬਿੱਟੂ, ਸੰਤੋਖ ਚੌਧਰੀ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਸ਼ਾਮਲ ਹਨ | ਜਦਕਿ ਵਿਰੋਧੀ ਧਿਰ ਦੇ ਆਗੂ ਵਜੋਂ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਚਰਚਾ ਵਿਚ ਹਨ | ਦੂਜੇ ਪਾਸੇ ਭਾਵੇਂ ਸਿੱਧੂ ਨੇ ਪੰਜਾਬ ਦੀ ਕਮਾਨ ਛੱਡ ਦਿਤੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ |
ਨਵਜੋਤ ਸਿੰਘ ਸਿੱਧੂ ਨੇ ਇਸ ਤੋਂ ਪਹਿਲਾਂ ਕਪੂਰਥਲਾ 'ਚ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਨਿਵਾਸ 'ਤੇ ਪਾਰਟੀ ਦੇ ਸੀਨੀਅਰ ਆਗੂਆਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਨਾਲ ਮੀਟਿੰਗ ਕੀਤੀ ਸੀ, ਜਦਕਿ ਅੱਜ ਵੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੇ ਘਰ 'ਤੇ ਵਿਧਾਇਕਾਂ, ਸਾਬਕਾ ਵਿਧਾਇਕਾਂ ਨਾਲ ਮੀਟਿੰਗ ਕੀਤੀ | ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਰਾਕੇਸ਼ ਪਾਂਡੇ, ਸੁਖਪਾਲ ਸਿੰਘ ਖਹਿਰਾ, ਸੁਰਿੰਦਰ ਡਾਵਰ ਸਮੇਤ ਡੇਢ ਦਰਜਨ ਦੇ ਕਰੀਬ ਵਿਧਾਇਕ ਤੇ ਸਾਬਕਾ ਵਿਧਾਇਕ ਵੀ ਸ਼ਾਮਲ ਹਨ |
 ਜਦਕਿ ਹੋਰ ਸਾਬਕਾ ਵਿਧਾਇਕਾਂ ਦੇ ਆਉਣ ਦੀ ਸੰਭਾਵਨਾ ਸੀ | ਇਹ ਮੀਟਿੰਗ ਸਾਬਕਾ ਐਮਐਲਏ ਰਾਕੇਸ਼ ਪਾਂਡੇ ਵਲੋਂ ਸੱਦੀ ਗਈ ਸੀ | ਇਸ ਤੋਂ ਪਹਿਲਾਂ ਰਾਕੇਸ਼ ਪਾਂਡੇ ਨੇ ਕਿਹਾ ਕਿ ਇਹ ਕੋਈ ਗੁਪਤ ਮੀਟਿੰਗ ਨਹੀਂ ਹੈ | ਵਿਧਾਨ ਸਭਾ ਚੋਣਾਂ 'ਚ ਜੋ ਵੀ ਹੋਇਆ, ਉਸ 'ਤੇ ਹੀ ਵਿਚਾਰ ਕੀਤਾ ਗਿਆ |