ਪਾਰਲੀਮੈਂਟ ਵਿਚ ਪੰਜਾਬ ਦੇ ਸਾਂਸਦਾਂ ਨੇ ਨੋਟੀਫ਼ੀਕੇਸ਼ਨ ਵਾਪਸ ਲੈਣ ਤੇ ਚੰਡੀਗੜ੍ਹ ਪੰਜਾਬ ਹਵਾਲੇ ਕਰਨ ਦੀ ਮੰਗ ਕੀਤੀ

ਏਜੰਸੀ

ਖ਼ਬਰਾਂ, ਪੰਜਾਬ

ਪਾਰਲੀਮੈਂਟ ਵਿਚ ਪੰਜਾਬ ਦੇ ਸਾਂਸਦਾਂ ਨੇ ਨੋਟੀਫ਼ੀਕੇਸ਼ਨ ਵਾਪਸ ਲੈਣ ਤੇ ਚੰਡੀਗੜ੍ਹ ਪੰਜਾਬ ਹਵਾਲੇ ਕਰਨ ਦੀ ਮੰਗ ਕੀਤੀ

image

 

ਪੰਜਾਬ ਨੂੰ  ਲਗਾਈ ਜਾ ਰਹੀ ਹੈ ਢਾਹ : ਜਸਬੀਰ ਗਿੱਲ ਡਿੰਪਾ

ਨਵੀਂ ਦਿੱਲੀ, 29 ਮਾਰਚ : ਖਡੂਰ ਸਾਹਿਬ ਤੋਂ ਕਾਂਗਰਸ ਦੇ ਆਗੂ ਅਤੇ ਸੰਸਦ ਮੈਂਬਰ ਜਸਬੀਰ ਗਿੱਲ ਡਿੰਪਾ ਨੇ ਲੋਕ ਸਭਾ ਵਿਚ ਪੰਜਾਬ ਦੇ ਕਈ ਮੁੱਦੇ ਚੁਕੇ | ਉਨ੍ਹਾਂ ਕਿਹਾ ਕਿ ਮੈਂ ਅੱਜ 3 ਕਰੋੜ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਲਈ ਸੰਸਦ ਵਿਚ ਆਇਆ ਹਾਂ | ਡਿੰਪਾ ਨੇ ਕਿਹਾ ਕਿ ਅੱਜ ਪੰਜਾਬ ਗੁੱਸੇ ਵਿਚ ਹੈ ਕਿਉਂਕਿ ਪੰਜਾਬ ਨੂੰ  ਹਰ ਪਾਸੇ ਤੋਂ ਢਾਹ ਲਗਾਈ ਜਾ ਰਹੀ ਹੈ | ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ  ਕੇਂਦਰੀ ਸੇਵਾ ਨਿਯਮਾਂ ਦੇ ਦਾਇਰੇ ਵਿਚ ਲਿਆਉਣ ਦਾ ਮੁੱਦਾ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਚੰਡੀਗੜ੍ਹ ਵਿਚ ਜੋ ਪੰਜਾਬ ਦੀ 60 ਫ਼ੀ ਸਦੀ ਹਿੱਸੇਦਾਰੀ ਸੀ ਉਸ ਨੂੰ  ਪੂਰਾ ਹੀ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਉਥੇ ਕੇਂਦਰ ਵਲੋਂ ਅਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਸਾਂਸਦ ਜਸਬੀਰ ਗਿੱਲ ਡਿੰਪਾ ਨੇ ਕਿਹਾ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ 'ਤੇ ਕੇਂਦਰੀ ਨਿਯਮ ਲਾਗੂ ਕਰ ਦਿਤੇ ਗਏ ਹਨ ਜੋ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ |
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਵੀ ਲੋਕ ਸਭਾ 'ਚ ਇਹ ਮੁੱਦਾ ਚੁਕਿਆ | ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਚੰਡੀਗੜ੍ਹ, ਪੰਜਾਬ ਲਈ ਭਾਵਨਾਤਮਕ ਮੁੱਦਾ ਹੈ ਅਤੇ ਬਤੌਰ ਰਾਜਧਾਨੀ ਇਸ ਨੂੰ  ਪੰਜਾਬ ਦੇ ਅਧੀਨ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਸਦਨ 'ਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਦੇ ਹੋਏ ਦੋਸ਼ ਲਾਇਆ ਕਿ ''ਇਹ ਕੇਂਦਰ ਵਲੋਂ ਪੰਜਾਬ ਦੇ ਹੱਕਾਂ 'ਤੇ ਡਾਕਾ ਹੈ |'' ਹਰਸਿਮਰਤ ਨੇ ਅੱਗੇ ਕਿਹਾ, ''ਚੰਡੀਗੜ੍ਹ ਲੰਮੇੇ ਸਮੇਂ ਤੋਂ ਪੰਜਾਬ ਅਤੇ
ਹਰਿਆਣਾ ਦੀ ਸਾਂਝੀ ਰਾਜਧਾਨੀ ਹੈ | ਸਮੇਂ-ਸਮੇਂ 'ਤੇ ਕੇਂਦਰ ਸਰਕਾਰਾਂ ਨੇ ਚੰਡੀਗੜ੍ਹ 'ਤੇ ਸਾਡੇ ਦਾਅਵੇ ਨੂੰ  ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਹੈ | ਹੁਣ ਤਾਂ ਚੰਡੀਗੜ੍ਹ 'ਚ ਦੂਜੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਕੈਡਰ ਦੇ ਕਰਮਚਾਰੀ ਜਾ ਸਕਦੇ ਹਨ | ਇਹ ਸਾਡੇ ਹੱਕਾਂ 'ਤੇ ਡਾਕਾ ਹੈ |'' ਉਨ੍ਹਾਂ ਦਾਅਵਾ ਕੀਤਾ ਕਿ, ''ਇਹ ਸਾਡੇ ਲਈ ਭਾਵਨਾਤਮਕ ਮੁੱਦਾ ਹੈ | ਇਸ 'ਤੇ ਸਾਡੇ ਹੱਕਾਂ ਨੂੰ  ਘੱਟ ਕੀਤਾ ਜਾ ਰਿਹਾ ਹੈ |'' ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 1980 ਦੇ ਦਹਾਕੇ ਦੇ 'ਰਾਜੀਵ-ਲੋਗੋਂਵਾਲ ਸਮਝੌਤੇ' ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ''ਮੇਰੀ ਅਪੀਲ ਹੈ ਕਿ ਚੰਡੀਗੜ੍ਹ ਨੂੰ  ਪੰਜਾਬ ਦੇ ਹਵਾਲੇ ਜਲਦ ਕਰਵਾਓ | ਸਾਡੀ ਰਾਜਧਾਨੀ ਸਾਨੂੰ ਵਾਪਸ ਦਿਵਾਓ |''     (ਏਜੰਸੀ)