ਕੇਂਦਰ ਵਲੋਂ ਪੰਜਾਬ ਨਾਲ ਹੁੰਦੀ ਧੱਕੇਸ਼ਾਹੀ ਲਈ ਰਾਜਸੀ ਪਾਰਟੀਆਂ ਨੇ ਰਾਹ ਮੋਕਲੇ ਕੀਤੇ : ਬਾਬਾ ਬਲਬੀਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਵਲੋਂ ਪੰਜਾਬ ਨਾਲ ਹੁੰਦੀ ਧੱਕੇਸ਼ਾਹੀ ਲਈ ਰਾਜਸੀ ਪਾਰਟੀਆਂ ਨੇ ਰਾਹ ਮੋਕਲੇ ਕੀਤੇ : ਬਾਬਾ ਬਲਬੀਰ ਸਿੰਘ

image

ਅੰਮ੍ਰਿਤਸਰ, 29 ਮਾਰਚ (ਪੱਤਰ ਪ੍ਰੇਰਕ): ਚੰਡੀਗੜ੍ਹ ਮੁਲਾਜ਼ਮ ਵਰਗ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੇ ਟਿਪਣੀ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਪਹਿਲਾਂ ਵਿਸ਼ਾਲ ਪੰਜਾਬ ਨੂੰ ਕੱਟ ਕੇ ਦੋ ਹੋਰ ਪ੍ਰਾਂਤ ਹਿਮਾਚਲ ਤੇ ਹਰਿਆਣਾ ਬਣਾ ਦਿਤੇ ਗਏ, ਫਿਰ ਇਸੇ ਪੰਜਾਬ ਤੋਂ ਪੰਜਾਬੀ ਬੋਲਦੇ ਇਲਾਕੇ ਵੀ ਖੋਹ ਲਏ ਗਏ, ਦਰਿਆਈ ਪਾਣੀਆਂ ਬਹਾਨੇ ਪੰਜਾਬ ਨੂੰ ਲੁਟਿਆ ਕੁਟਿਆ ਗਿਆ, ਉਤੋਂ ਹੋਰ ਕਹਿਰ ਕਿ ਭਾਖੜਾ ਡੈਮ ਦਾ ਕੰਟਰੋਲ ਵੀ ਕੇਂਦਰ ਨੇ ਅਪਣੇ ਹੱਥ ਲੈ ਲਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਗਿਆ ਕਿਉਂਕਿ ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਰਾਜਧਾਨੀ ਤੇ ਵੀ ਕੇਂਦਰ ਮੱਲ ਮਾਰੀ ਬੈਠਾ ਹੈ। ਹੁਣ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦਿਤੇ ਬਿਆਨ ਨਾਲ ਭਾਜਪਾ ਦਾ ਪੰਜਾਬ ਪ੍ਰਤੀ ਕੀ ਰਵਈਆ ਹੈ ਉਹ ਬਿੱਲੀ ਥੈਲਿਉ ਬਾਹਰ ਆ ਗਈ ਹੈ। 
ਅੱਜ ਇਥੋਂ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਲਿਖਤੀ ਪ੍ਰੈਸ ਬਿਆਨ ਵਿਚ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਦੀਆਂ ਕੇਂਦਰੀ ਸਰਕਾਰਾਂ ਪੰਜਾਬ ਨਾਲ ਹਮੇਸ਼ਾ ਧੱਕਾ ਤੇ ਬੇਇਨਸਾਫ਼ੀ ਕਰਦੀਆਂ ਆਈਆਂ ਹਨ। ਪਹਿਲਾਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ। ਫਿਰ ਇਸ ਨੂੰ ਪੰਜਾਬ ਤੋਂ ਕਿਵੇਂ ਤੇ ਕਿਸ ਤਰ੍ਹਾਂ ਅਲੱਗ ਕੀਤਾ ਜਾਵੇ, ਇਸ ਬਾਰੇ ਸਮੇਂ ਸਮੇਂ ਯੋਜਨਾਵਾਂ ਘੜੀਆਂ ਜਾਂਦੀਆਂ ਰਹੀਆਂ ਹਨ। ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਲਈ ਬਣਾਈ ਰਾਜਧਾਨੀ ਨੂੰ ਪੰਜਾਬ ਤੋਂ ਖੋਹਿਆ ਗਿਆ ਫਿਰ ਪੰਜਾਬੀ ਬੋਲੀ ਦਾ ਨਿਸ਼ਾਨ ਮਟਾਉਣ ਦੇ ਯਤਨ ਕੀਤੇ ਗਏ ਤੇ ਹੁਣ ਇਸ ਨੂੰ ਪੱਕੇ ਤੌਰ ’ਤੇ ਹੀ ਪੰਜਾਬ ਤੋਂ ਦੂਰ ਕਰਨ ਦੇ ਯਤਨ ਹੋ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਜਿਵੇਂ ਚੰਡੀਗੜ੍ਹ ਖੋਹਿਆ ਗਿਆ ਹੈ ਉੇਥੇ ਭਾਖੜਾ ਨੰਗਲ ਦਾ ਪੂਰਾ ਕੰਟਰੋਲ ਵੀ ਕੇਂਦਰ ਨੇ ਅਪਣੇ ਹੱਥ ਲੈ ਲਿਆ ਹੈ। ਅਮਿਤ ਸ਼ਾਹ ਦਾ ਚੰਡੀਗੜ੍ਹ ਦੇ ਮੁਲਾਜ਼ਮ ਵਰਗ ਲਈ ਦਿਤਾ ਬਿਆਨ ਮੰਦਭਾਗਾ ਹੈ ਅਤੇ ਇਸ ਗੱਲ ਦਾ ਸੰਕੇਤ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਕਦੀ ਨਹੀਂ ਦਿਤਾ ਜਾ ਸਕਦਾ। ਉਨ੍ਹਾਂ ਕਿਹਾ ਪੰਜਾਬ ਨੂੰ ਦਿਨੋ ਦਿਨ ਲੱਗ ਰਹੇ ਖੋਰੇ ਲਈ ਅਸਲ ਵਿਚ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਹੀ ਜ਼ਿੰਮੇਵਾਰ ਹਨ। ਜਿਹੜੀਆਂ ਪਾਰਟੀਆਂ ਪੰਜਾਬ ਹਿਤੈਸ਼ੀ ਅਖਵਾਉਂਦੀਆਂ ਸੀ ਉਹ ਵੀ ਸੁਹਿਰਦਤਾ ਨਾਲ ਪੰਜਾਬ ਪ੍ਰਤੀ ਯਤਨ ਨਹੀਂ ਕਰ ਸਕੀਆਂ ਜਿਸ ਦੇ ਸਿੱਟੇ ਵਜੋਂ ਪੰਜਾਬੀਆਂ ਨੇ ਇਕ ਨਵਾਂ ਬਦਲ ਅਪਣਾ ਲਿਆ।