Jalandhar News: ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਵਿੱਕੀ ਗੌਂਡਰ ਗੈਂਗ ਦੇ ਸਾਥੀ ਕੀਤੇ ਕਾਬੂ
Jalandhar News: ਮੁਲਜ਼ਮਾਂ ਕੋਲੋਂ ਹਥਿਆਰ ਹੋਏ ਬਰਾਮਦ
Vicky Gounder gang were arrested Jalandhar News: ਜਲੰਧਰ ਦੇ ਸੰਘਣੀ ਆਬਾਦੀ ਵਾਲੇ ਖੇਤਰ ਅਬਾਦਪੁਰਾ ਵਿੱਚ ਸਿਟੀ ਪੁਲਿਸ ਵੱਲੋਂ ਕੀਤੇ ਗਏ ਮੁਕਾਬਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਦੇ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਗੈਂਗ ਨਾਲ ਸਬੰਧ ਹਨ। ਮੁਲਜ਼ਮਾਂ ਨੇ ਜਲੰਧਰ ਵਿੱਚ ਗੈਂਗ ਵਿਰੋਧੀ ਗੈਂਗਸਟਰ ਸੈਪ ਅਤੇ ਮੈਨੀ ਦਾ ਕਤਲ ਕਰਨਾ ਸੀ। ਇਸ ਦੇ ਲਈ ਮੁਲਜ਼ਮ ਝਾਰਖੰਡ ਅਤੇ ਯੂਪੀ ਤੋਂ ਹਥਿਆਰ ਲੈ ਕੇ ਆਏ ਸਨ।
ਕਮਿਸ਼ਨਰੇਟ ਪੁਲਿਸ ਨੇ ਉਕਤ ਮੁਲਜ਼ਮਾਂ ਕੋਲੋਂ ਕਰੀਬ 6 ਨਾਜਾਇਜ਼ ਪਿਸਤੌਲ, 22 ਕਾਰਤੂਸ ਅਤੇ 6 ਮੈਗਜ਼ੀਨ ਬਰਾਮਦ ਕੀਤੇ ਹਨ। ਪਾਰਕਿੰਗ ਦੇ ਠੇਕੇ ਨੂੰ ਲੈ ਕੇ ਚਿੰਟੂ ਦਾ ਐਂਟੀ ਗੈਂਗ ਨਾਲ ਝਗੜਾ ਚੱਲ ਰਿਹਾ ਸੀ। ਫੜੇ ਗਏ ਗੈਂਗਸਟਰਾਂ ਦੀ ਪਛਾਣ ਚਿੰਟੂ ਸੈਣੀ, ਨੀਰਜ, ਸਾਜਨ ਜੋਸ਼ੀ ਅਤੇ ਕਿਸ਼ਨ ਉਰਫ ਗੰਜਾ ਵਜੋਂ ਹੋਈ ਹੈ। ਪੁਲਿਸ ਨੇ ਸਾਰਿਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਹੈ।
ਦੱਸ ਦੇਈਏ ਕਿ ਵੀਰਵਾਰ ਦੇਰ ਰਾਤ ਸਿਟੀ ਪੁਲਿਸ ਦੀ ਸੀਆਈਏ ਸਟਾਫ਼ ਦੀਆਂ ਟੀਮਾਂ ਨੇ ਆਬਾਦਪੁਰਾ ਵਿੱਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਚਿੰਟੂ ਨੂੰ ਉਕਤ ਛਾਪੇ ਦੀ ਸੂੰਹ ਮਿਲ ਗਈ। ਜਿਸ ਤੋਂ ਬਾਅਦ ਚਿੰਟੂ ਨੇ ਖੁਦ ਪੁਲਿਸ 'ਤੇ ਗੋਲੀ ਚਲਾ ਦਿੱਤੀ। ਦੋਵਾਂ ਪਾਸਿਆਂ ਤੋਂ ਕਰੀਬ 12 ਗੋਲੀਆਂ ਚਲਾਈਆਂ ਗਈਆਂ। ਸਾਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਦੋਸ਼ੀ ਪੁਲਿਸ ਪਾਰਟੀ ਨੂੰ ਦੇਖ ਕੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਚਾਰਾਂ ਖ਼ਿਲਾਫ਼ ਥਾਣਾ ਸਦਰ-6 ਵਿੱਚ ਕਤਲ ਦੀ ਕੋਸ਼ਿਸ਼, ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।