Punjab: ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਪਿੰਡ ਸੱਕੀਆਂਵਾਲੀ ‘ਚ ਸੀਵਰੇਜ ਪ੍ਰਾਜੈਕਟ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਪਰ ਮਾਡਲ ਅਨੁਸਾਰ ਪਿੰਡ ਦੇ ਬੁਨਿਆਦੀ ਢਾਂਚੇ, ਜਿਸ ਵਿੱਚ ਨਾਲੀਆਂ, ਛੱਪੜ ਅਤੇ ਖੇਡ ਮੈਦਾਨ ਸ਼ਾਮਲ

Punjab: Cabinet Minister Dhaliwal inaugurates sewerage project in village Sakianwali

ਅਜਨਾਲਾ: ਕੈਬਨਿਟ ਮੰਤਰੀ  ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਪਿੰਡ ਸੱਕੀਆਂਵਾਲੀ ਵਿੱਚ ਸੀਵਰੇਜ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ, ਜੋ ਅਜਨਾਲਾ ਹਲਕੇ ਦੇ ਵਿਕਾਸ ਵਿੱਚ ਇੱਕ ਵੱਡਾ ਮਹੱਤਵਪੂਰਨ ਮੀਲ ਪੱਥਰ ਹੈ। ਇਹ ਪ੍ਰਾਜੈਕਟ, ਜੋ ਪਿਛਲੀਆਂ ਸਰਕਾਰਾਂ ਨੇ ਰੋਕਿਆ ਹੋਇਆ ਸੀ, ਸ. ਧਾਲੀਵਾਲ ਦੇ ਠੋਸ ਯਤਨਾਂ ਸਦਕਾ ਹੁਣ ਨੇਪਰੇ ਚੜ੍ਹਨ ਜਾ ਰਿਹਾ ਹੈ।

ਉਦਘਾਟਨ ਮੌਕੇ ਬੋਲਦਿਆਂ ਸ. ਧਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਮਾਲੀਏ ਦਾ ਇੱਕ-ਇੱਕ ਪੈਸਾ Punjab ਦੇ ਲੋਕਾਂ ਲਈ ਖਰਚ ਕਰਨ ਵਾਸਤੇ ਵਚਨਬੱਧ ਹੈ। ਉਨ੍ਹਾਂ ਨੇ ਕਦੇ ਪਛੜੇ ਮੰਨੇ ਜਾਂਦੇ ਪਿੰਡਾਂ ਨੂੰ ਜ਼ਰੂਰੀ ਸਹੂਲਤਾਂ, ਜਿਵੇਂ ਕਿ ਸੀਵਰੇਜ ਸਹੂਲਤਾਂ ਪ੍ਰਦਾਨ ਕਰਨ ‘ਤੇ ਸਰਕਾਰ ਦੇ ਯਤਨਾਂ ਨੂੰ ਉਜਾਗਰ ਕੀਤਾ।

ਸ. ਧਾਲੀਵਾਲ ਨੇ ਇਹ ਵੀ ਦੱਸਿਆ ਕਿ ਪਿੰਡ ਸੱਕੀਆਂਵਾਲੀ ਲੰਬੇ ਸਮੇਂ ਤੋਂ ਪਾਣੀ ਭਰਨ ਦੀ ਸਮੱਸਿਆ ਨਾਲ ਜੂਝ ਰਿਹਾ ਸੀ, ਜਿੱਥੇ ਪਾਣੀ ਅਕਸਰ ਘਰਾਂ ਵਿੱਚ ਦਾਖਲ ਹੋ ਜਾਂਦਾ ਸੀ। ਉਨ੍ਹਾਂ ਨੇ ਇਸ ਮੁੱਦੇ ਦੇ ਹੱਲ ਸਬੰਧੀ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ‘ਤੇ ਸੰਤੁਸ਼ਟੀ ਪ੍ਰਗਟ ਕੀਤੀ।

ਕੈਬਨਿਟ ਮੰਤਰੀ ਨੇ ਥਾਪਰ ਮਾਡਲ ਅਨੁਸਾਰ ਪਿੰਡ ਦੇ ਬੁਨਿਆਦੀ ਢਾਂਚੇ, ਜਿਸ ਵਿੱਚ ਨਾਲੀਆਂ, ਛੱਪੜ ਅਤੇ ਖੇਡ ਮੈਦਾਨ ਸ਼ਾਮਲ ਹਨ, ਦੇ ਵਿਕਾਸ ਸਬੰਧੀ ਸਰਕਾਰ ਦੀਆਂ ਯੋਜਨਾਵਾਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ, ਜਿਨ੍ਹਾਂ ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ ਹੈ, ਸਰਕਾਰ ਵੱਲੋਂ ਢੁਕਵੀਂ ਬਜਟ ਅਲਾਟਮੈਂਟ ਕਰਕੇ ਸੰਭਵ ਹੋਈਆਂ ਹਨ।