ਅਕਾਲੀ ਦਲ ਨੂੰ ਲੱਗਾ ਝਟਕਾ : ਪਰਕਾਸ਼ ਸਿੰਘ ਬਾਦਲ ਦੇ ਨਾਮਜ਼ਦਗੀ ਕਾਗਜ਼ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਤੋਂ ਚੋਣ ਲੜ ਰਹੀ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਪਰਕਾਸ਼ ਸਿੰਘ ਬਾਦਲ ਨੇ ਕਾਗ਼ਜ਼ ਦਾਖ਼ਲ ਕਰਵਾਏ ਸਨ

Nomination papers of Prakash Singh Badal rejected

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਜਾਂਚ ਪੜਤਾਲ ਦੌਰਾਨ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਨਾਮਜ਼ਦਗੀ ਕਾਗ਼ਜ਼ ਰੱਦ ਕਰ ਦਿੱਤੇ ਗਏ। ਪਰਕਾਸ਼ ਸਿੰਘ ਬਾਦਲ ਨੇ ਬਠਿੰਡਾ ਤੋਂ ਚੋਣ ਲੜ ਰਹੀ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਦਾਖ਼ਲ ਕਰਵਾਏ ਸਨ। ਨਾਮਜ਼ਦਗੀ ਪੱਤਰਾਂ ਦੀ ਜਾਂਚ ਪੜਤਾਲ ਦੌਰਾਨ ਅੱਜ ਕੁਲ 74 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ। ਇਨ੍ਹਾਂ ਉਮੀਦਵਾਰਾਂ 'ਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਬਾਦਲ ਨੇ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਦਾਖ਼ਲ ਕੀਤੇ ਸਨ ਪਰ ਚਰਚਾ ਇਹ ਵੀ ਸੀ ਕਿ ਹਰਸਿਮਰਤ ਦੀ ਥਾਂ ਬਾਦਲ ਖ਼ੁਦ ਚੋਣ ਲੜ ਸਕਦੇ ਹਨ। ਹੁਣ ਬਾਦਲ ਦੇ ਕਾਗ਼ਜ਼ ਰੱਦ ਹੋਣ ਕਾਰਨ ਇਨ੍ਹਾਂ ਚਰਚਾਵਾਂ ਨੂੰ ਵੀ ਠੱਲ੍ਹ ਪੈ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਜੋ ਹਾਲਾਤ ਬਣ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਪਰਕਾਸ਼ ਸਿੰਘ ਬਾਦਲ ਹਰਸਿਮਰਤ ਦੀ ਥਾਂ ਖ਼ੁਦ ਚੋਣ ਲੜ ਸਕਦੇ ਹਨ।

ਮਨਪ੍ਰੀਤ ਨੇ ਕਿਹਾ ਸੀ ਕਿ ਇਹ ਸਿਰਫ਼ ਸਿਆਸੀ ਚਾਲ ਹੈ ਅਤੇ ਐਨ ਮੌਕੇ ਹਰਸਿਮਰਤ ਬਾਦਲ ਦੀ ਥਾਂ ਵੱਡੇ ਬਾਦਲ ਮੈਦਾਨ ਵਿਚ ਨਿੱਤਰ ਸਕਦੇ ਹਨ, ਕਿਉਂਕਿ ਅਕਾਲੀ ਦਲ ਕੋਲ ਹੋਰ ਚਾਰਾ ਨਹੀਂ ਹੈ। ਫਿਲਹਾਲ ਇਨ੍ਹਾਂ ਕਿਆਸਰਾਈਆਂ 'ਤੇ ਵਿਰਾਮ ਚਿੰਨ ਲੱਗ ਗਿਆ ਹੈ।