ਫ਼ਰੀਦਕੋਟ ਦੇ ਦੂਜੇ ਪਾਜ਼ੇਟਿਵ ਮਰੀਜ਼ ਨੇ ਜਿੱਤੀ ਕੋਰੋਨਾ ਵਿਰੁਧ ਜੰਗ
ਤੰਦਰੁਸਤ ਹੋਣ ਉਪਰੰਤ ਫੁੱਲਾਂ ਦੇ ਗੁਲਦਸਤੇ ਦੇ ਕੇ ਦਿਤੀ ਹਸਪਤਾਲ 'ਚੋਂ ਛੁੱਟੀ
ਫ਼ਰੀਦਕੋਟ, 29 ਅਪ੍ਰੈਲ (ਗੁਰਿੰਦਰ ਸਿੰੰਘ/ਲਖਵਿੰਦਰ ਹਾਲੀ) : ਅੱਜ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ 'ਚੋਂ ਜ਼ਿਲ੍ਹੇ ਦੇ ਦੂਜੇ ਕੋਰੋਨਾ ਪਾਜ਼ੇਟਿਵ ਮਰੀਜ਼ ਬਿਕਰਮਜੀਤ ਸਿੰਘ ਸੰਨੀ ਵਾਸੀ ਫ਼ਰੀਦਕੋਟ ਨੂੰ ਕੋਰੋਨਾ ਵਿਰੁਧ ਲੜਾਈ ਜਿੱਤਣ ਅਤੇ ਤੰਦਰੁਸਤ ਹੋਣ ਉਪਰੰਤ ਛੁੱਟੀ ਦਿਤੀ ਗਈ।
ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਰਾਜ ਬਹਾਦਰ, ਕਾਲਜ ਦੇ ਸੁਪਰਡੈਂਟ ਡਾ. ਰਾਜੀਵ ਜ਼ੋਸ਼ੀ, ਐੱਸਐੱਮਓ ਡਾ. ਚੰਦਰ ਸ਼ੇਖਰ ਸਮੇਤ ਹਸਪਤਾਲ ਦੇ ਅਮਲੇ ਵਲੋਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰ ਕੇ ਵਿਦਾਇਗੀ ਦੇਣ ਮੌਕੇ ਸ਼ੁੱਭਕਾਮਨਾਵਾਂ ਵੀ ਦਿਤੀਆਂ ਗਈਆਂ।
ਇਸ ਮੌਕੇ ਡਾ. ਰਾਜ ਬਹਾਦਰ ਨੇ ਦਸਿਆ ਕਿ ਕੋਰੋਨਾ ਪਾਜ਼ੇਟਿਵ ਬਿਕਰਮਜੀਤ ਸਿੰਘ ਨੇ ਬੜੇ ਹੀ ਹੌਸਲੇ ਤੇ ਦਲੇਰੀ ਨਾਲ ਕੋਰੋਨਾ ਵਿਰੁਧ ਜੰਗ ਜਿੱਤੀ ਹੈ ਤੇ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਸ ਦੇ ਸੰਪਰਕ 'ਚ ਆਉਣ ਵਾਲਾ ਦੂਜਾ ਵਿਅਕਤੀ ਵੀ ਜਲਦ ਸਿਹਤਯਾਬ ਹੋ ਕੇ ਘਰ ਜਾਵੇਗਾ। ਉਨ੍ਹਾਂ ਕਿਹਾ ਕਿ ਬਿਕਰਮਜੀਤ ਸਿੰਘ ਹੁਣ ਦੂਜੇ ਲੋਕਾਂ ਲਈ ਰੋਲ ਮਾਡਲ ਬਣ ਗਿਆ ਹੈ।
ਇਸ ਮੌਕੇ ਬਿਕਰਮਜੀਤ ਸਿੰਘ ਨੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੋਰੋਨਾ ਵਿਰੁਧ ਲੜਾਈ 'ਚ ਸਾਨੂੰ ਸਾਰਿਆਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿਚ ਦਵਾਈ ਨਾਲੋਂ ਜ਼ਿਆਦਾ ਮਰੀਜ਼ ਨੂੰ ਹੌਸਲਾ ਰੱਖਣ ਦੀ ਲੋੜ ਹੈ। ਮੈਡੀਕਲ ਕਾਲਜ ਦੇ ਸੁਪਰਡੈਂਟ ਡਾ. ਰਾਜੀਵ ਜ਼ੋਸ਼ੀ ਨੇ ਦਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ ਬਿਕਰਮਜੀਤ ਸਿੰਘ ਨੂੰ 8 ਅਪ੍ਰੈਲ ਨੂੰ ਸੈਂਪਲ ਦੀ ਪਾਜ਼ੇਟਿਵ ਰੀਪੋਰਟ ਆਉਣ 'ਤੇ ਦਾਖ਼ਲ ਕੀਤਾ ਗਿਆ ਸੀ ਤੇ ਅੱਜ 21 ਦਿਨਾਂ ਬਾਅਦ ਉਸ ਦੇ ਲਏ ਗਏ ਟੈਸਟਾਂ ਦੀ ਰੀਪੋਰਟ ਦੇ ਆਧਾਰ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇਣ ਮੌਕੇ ਉਸ ਨੂੰ 14 ਦਿਨ ਘਰ 'ਚ ਇਕਾਂਤਵਾਸ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਹੈ।