ਕਿਸਾਨਾਂ ਨੇ ਬਨੂੜ ਮਾਰਕੀਟ ਕਮੇਟੀ ਮੂਹਰੇ ਕੀਤੀ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ
ਕੇਂਦਰ ਸਰਕਾਰ ਵੱਲੋਂ ਫੈਸਲਾ ਵਾਪਸ ਨਾ ਲਿਆ ਹੋਵੇਗਾ ਸੰਘਰਸ਼: ਗੁਰਦਰਸਨ ਸਿੰਘ ਖਾਸਪੁਰ
ਬਨੂੜ, 29 ਅਪ੍ਰੈਲ (ਅਵਤਾਰ ਸਿੰਘ) : ਕੇਂਦਰ ਸਰਕਾਰ ਵੱਲੋਂ ਕਣਕ ਦੇ 25 ਰੁਪਏ ਪ੍ਰਤੀ ਕੁਇੰਟਲ ਕੱਟ ਲਾਏ ਜਾਣ ਦੇ ਰੋਸ ਵੱਜੋਂ ਬਨੂੜ ਮਾਰਕੀਟ ਕਮੇਟੀ ਦੇ ਦਫਤਰ ਮੂਹਰੇ ਮੰਡੀ ਵਿੱਚ ਬੈਠੇ ਕਿਸਾਨਾਂ ਨੇ ਨਾਅਰੇਬਾਜੀ ਕੀਤੀ ਅਤੇ ਮੋਦੀ ਸਰਕਾਰ ਖ਼ਿਲਾਫ ਨਾਅਰੇ ਮਾਰਦੇ ਹੋਏ ਕੱਟ ਲਾਉਣ ਦੇ ਫੁਰਮਾਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ।
ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਗੁਰਦਰਸਨ ਸਿੰਘ ਖਾਸਪੁਰ ਦੀ ਅਗਵਾਈ ਹੇਠ ਕਿਸਾਨ ਅਨਾਜ ਮੰਡੀ ਵਿੱਚ ਸਥਿਤ ਮਾਰਕੀਟ ਕਮੇਟੀ ਦਫਤਰ ਮੂਹਰੇ ਇਕੱਠੇ ਹੋਏ। ਇਸ ਮੌਕੇ ਕਿਸਾਨ ਆਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਮੌਸ਼ਮੀ ਬਰਸਾਤ ਤੇ ਕਰੋਨਾ ਦੇ ਕਹਿਰ ਹੇਠ ਵੱਡੀ ਲਾਗਤ ਨਾਲ ਤਿਆਰ ਕੀਤੀ ਕਣਕ ਦੀ ਫਸਲ ਨੂੰ ਕਿਸਾਨ ਮੰਡੀ ਵਿੱਚ ਲੈ ਕੇ ਪੁੱਜਾ ਸੀ, ਪਰ ਸਰਕਾਰਾਂ ਨੇ ਕਿਸਾਨਾਂ ਨੂੰ ਬੋਨਸ਼ ਵਗੈਰਾ ਦੇਣ ਦੀ ਬਜਾਏ, ਉਲਟਾ ਪ੍ਰਤੀ ਕੁਇੰਟਲ 25 ਰੁਪਏ ਕੱਟ ਲਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਕਿਸਾਨ ਕਣਕ ਦਾ ਪਹਿਲਾਂ ਹੀ ਪ੍ਰਤੀ ਏਕੜ ਕਰੀਬ ਪੰਜ ਕੁਇੰਟਲ ਝਾੜ ਘੱਟ ਨਿਕਲਣ ਕਾਰਨ ਪ੍ਰੇਸ਼ਾਨ ਹੈ ਤੇ ਕੁਦਰਤੀ ਆਫਤਾਂ ਤੇ ਸਰਕਾਰਾਂ ਦੀ ਮਾਰ ਹੇਠ ਫਿਰ ਵੀ ਕਿਸਾਨ ਲੋਕਾ ਦਾ ਢਿੱਡ ਤੇ ਕੇਂਦਰ ਸਰਕਾਰ ਦੇ ਭੰਡਾਰ ਭਰ ਰਿਹਾ ਹੈ, ਪਰ ਸਰਕਾਰਾਂ ਦੇ ਬੇਹੁੱਦੇ ਫੈਸਲੇ ਨਾਲ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਉਨ੍ਰਾਂ ਕਿਹਾ ਕਿ ਜੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਕਿਸਾਨ ਕਰਫਿਊ ਵਿੱਚ ਵੀ ਸੰਘਰਸ਼ ਕਰਨ ਤੋਂ ਗੁਰੇਜ ਨਹੀ ਕਰਨਗੇ। ਉਨਾਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਮੌਕੇ ਹੋਰਨਾਂ ਕਿਸਾਨਾਂ ਤੋਂ ਇਲਾਵਾ ਮੋਹਨ ਸਿੰਘ ਸੋਢੀ, ਪ੍ਰੇਮ ਸਿੰਘ ਘੜਾਮਾਂ, ਸੋਨੀ ਮਨੋਲੀ ਸੂਰਤ, ਗੁਰਦੇਬ ਸਿੰਘ, ਸਤਪਾਲ ਸਿੰਘ ਰਾਜੋਮਾਜਰਾ, ਗੁਰਜੀਤ ਸਿੰਘ ਆਦਿ ਹਾਜਰ ਸਨ।
ਜ਼ਿਕਰਯੋਗ ਹੈ, ਕਿ ਕੇਂਦਰ ਸਰਕਾਰ ਵੱਲੋਂ ਮੁਹਾਲੀ, ਪਟਿਆਲਾ ਤੇ ਫਤਹਿਗੜ ਸਾਹਿਬ ਜ਼ਿਲ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਬਦਰੰਗ ਤੇ ਭਿੱਜਿਆ ਹੋਇਆ ਦਾਣਾ ਐਲਾਣ ਕੇ 5 ਤੋਂ 25 ਰੁਪਏ ਕੱਟ ਲਾਉਣ ਦੇ ਹੁਕਮ ਜਾਰੀ ਕੀਤੇ ਹਨ ਤੇ ਤੁਰੰਤ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ। ਇਨਾਂ ਹੁਕਮਾਂ ਤਹਿਤ ਅੱਜ ਮੰਡੀ ਵਿੱਚ ਕਿਸੇ ਖਰੀਦ ਏਜੰਸ਼ੀ ਨੇ ਕਣਕ ਦੀ ਖਰੀਦ ਨਹੀ ਕੀਤੀ। ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।