ਜੇ ਨਿਜੀ ਸਕੂਲਾਂ ਨੇ ਟਿਊਸ਼ਨ ਫ਼ੀਸਾਂ ਹੀ ਲਈਆਂ ਤਾਂ ਸਕੂਲ ਕਿਵੇਂ ਚਲਣਗੇ : ਨੀਰਾ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਦੇ ਸਿਖਿਆ ਵਿਭਾਗ ਵਲੋਂ ਸਿਰਫ਼ ਟਿਊਸ਼ਨ ਫ਼ੀਸਾਂ ਲੈਣ ਲਈ ਹੀ ਭੇਜੀ ਗਈ ਸੀ ਚਿੱਠੀ

ਜੇ ਨਿਜੀ ਸਕੂਲਾਂ ਨੇ ਟਿਊਸ਼ਨ ਫ਼ੀਸਾਂ ਹੀ ਲਈਆਂ ਤਾਂ ਸਕੂਲ ਕਿਵੇਂ ਚਲਣਗੇ : ਨੀਰਾ ਸਿੰਘ

ਪੰਚਕੂਲਾ, 29 ਅਪ੍ਰੈਲ (ਪੀ.ਪੀ. ਵਰਮਾ) : ਪੰਚਕੂਲਾ ਪਬਲਿਕ ਸਕੂਲ ਐਸੋਸੀਏਸ਼ਨ ਦੀ ਪ੍ਰਧਾਨ ਨੀਰਾ ਸਿੰਘ ਨੇ ਹਰਿਆਣਾ ਹਾਇਰ ਸੈਕੰਡਰੀ ਸਿਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਜੇ ਸਰਕਾਰੀ ਹੁਕਮਾਂ ਅਨੁਸਾਰ ਨਿਜੀ ਸਕੂਲਾਂ ਵਾਲੇ ਟਿਊਸ਼ਨ ਫ਼ੀਸ ਹੀ ਲੈਂਦੇ ਹਨ ਤਾਂ 10 ਫ਼ੀ ਸਦੀ ਫ਼ੀਸ ਦੀ ਵਸੂਲੀ ਨਾਲ ਨਿਜੀ ਸਕੂਲਾਂ ਵਾਲੇ ਕਿਵੇਂ ਸਕੂਲ ਚਲਾ ਲੈਣਗੇ। ਉਨ੍ਹਾਂ ਪੱਤਰ ਵਿਚ ਲਿਖਿਆ ਕਿ ਸਕੂਲ ਚਲਾਉਣਾ ਅਤੇ ਬੱਚਿਆਂ ਨੂੰ ਪੜ੍ਹਾਉਣਾ ਮੁਸ਼ਕਲ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਵਲੋਂ ਜ਼ਿਲ੍ਹਾ ਸਿਖਿਆ ਅਧਿਕਾਰੀ ਤਹਿਤ ਚਿੱਠੀ ਤਾਂ ਆ ਗਈ, ਜਿਸ ਵਿੱਚ ਕਿਹਾ ਗਿਆ ਹੈ ਕਿ ਲਾਕਡਾਊਨ ਕਾਰਨ ਬੱਚਿਆਂ ਦੇ ਮਾਪਿਆਂ ਕੋਲੋਂ ਸਿਰਫ਼ ਟਿਊਸ਼ਨ ਫ਼ੀਸ ਹੀ ਲਈ ਜਾਵੇ ਪਰ ਇਹ ਨਹੀਂ ਵੇਖਿਆ ਗਿਆ ਕਿ ਇਨ੍ਹਾਂ ਸਕੂਲਾਂ ਵਾਲੇ ਅਪਣੇ ਹੋਰ ਵੱਖ-ਵੱਖ ਤਰ੍ਹਾਂ ਦੇ ਖ਼ਰਚਿਆਂ ਦਾ ਭੁਗਤਾਨ ਕਿਵੇਂ ਕਰਨਗੇ। ਉਹਨਾਂ ਕਿਹਾ ਕਿ ਟਰਾਂਸਪੋਰਟ ਦਾ ਖਰਚਾ ਅਧਿਆਪਕਾਂ ਦੀ ਤਨਖਾਹ ਦਾ ਖਰਚਾ, ਨੋਨ ਟੀਚਿੰਗ ਸਟਾਫ਼ ਦਾ ਖਰਚਾ, ਡਰਾਈਵਰਾਂ-ਕੰਡਕਟਰਾਂ ਦੀ ਤਨਖਾਹ ਦਾ ਖਰਚਾ, ਟੈਲੀਫ਼ੋਨਾਂ, ਬਿਜਲੀ ਦਾ ਖਰਚਾ, ਇਸ ਤੋਂ ਇਲਾਵਾ ਹੋਰ ਕਿੰਨੇ ਹੀ ਖਰਚੇ ਹਨ ਜਿਹੜੇ ਪ੍ਰਾਇਵੇਟ ਸਕੂਲਾਂ ਨੂੰ ਭੁਗਤਣੇ ਪੈਂਦੇ ਹਨ।


ਪੰਚਕੂਲਾ ਪਬਲਿਕ ਸਕੂਲ ਐਸੋਸੀਏਸ਼ਨ ਦੀ ਪ੍ਰਧਾਨ ਨੀਰਾ ਸਿੰਘ ਨੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਇਸ ਸਰਕਾਰੀ ਫੈਸਲੇ ਤੋਂ ਬਾਅਦ ਪੰਚਕੂਲਾ ਜ਼ਿਲ੍ਹੇ ਦੇ ਪ੍ਰਾਇਵੇਟ ਸਕੂਲਾਂ ਵਾਲਿਆਂ ਨੂੰ ਮਜ਼ਬੂਰਨ ਟੀਚਰਾਂ ਅਤੇ ਸਕੂਲਾ ਦੇ ਹੋਰ ਮੁਲਾਜ਼ਮਾਂ ਨੂੰ ਨੋ-ਪੇਅ ਉੱਤੇ ਮਜ਼ਬੂਰ ਹੋ ਕੇ ਭੇਜਣਾ ਪਵੇਗਾ।