ਸਿੱਖ ਕਤਲੇਆਮ ਦੇ ਦੋਸ਼ੀ ਖੋਖਰ ਦੀ ਪੈਰੋਲ ਅਰਜ਼ੀ 'ਤੇ ਅਦਾਲਤ ਨੇ ਸੀ.ਬੀ.ਆਈ. ਤੋਂ ਮੰਗਿਆ ਜਵਾਬ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਕਤਲੇਆਮ ਦੇ ਦੋਸ਼ੀ ਖੋਖਰ ਦੀ ਪੈਰੋਲ ਅਰਜ਼ੀ 'ਤੇ ਅਦਾਲਤ ਨੇ ਸੀ.ਬੀ.ਆਈ. ਤੋਂ ਮੰਗਿਆ ਜਵਾਬ

1

ਨਵੀਂ ਦਿੱਲੀ, 30 ਅਪ੍ਰੈਲ  :  ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਕਾਰਨ ਅੱਠ ਹਫ਼ਤੇ ਦੀ ਅੰਤਰਿਮ ਜ਼ਮਾਨਤ ਜਾਂ ਪੈਰੋਲ ਲਈ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕਾਂਗਰਸ ਦੇ ਸਾਬਕਾ ਪਾਰਸ਼ਦ ਬਲਵਾਨ ਖੋਖਰ ਦੀ ਅਰਜ਼ੀ 'ਤੇ ਬੁਧਵਾਰ ਨੂੰ ਕੇਂਦਰੀ ਜਾਂਚ ਬਿਊਰੋ ਤੋਂ ਜਵਾਬ ਮੰਗਿਆ।


ਮੁੱਖ ਜੱਜ ਐਸ.ਏ. ਬੋਬਡੇ ਅਤੇ ਜੱਜ ਅਨਿਰੁਧ ਬੋਸ ਦੀ ਬੈਂਚ ਨੇ ਖੋਖਰ ਦੇ ਵਕੀਲ ਦੇ ਇਸ ਕਥਨ ਦਾ ਨੋਟਿਸ ਲਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਅਦਾਲਤਾਂ ਅਤੇ ਸਰਕਾਰ ਵਲੋਂ ਜੇਲਾਂ ਵਿਚ ਭੀੜ ਘੱਟ ਕਰਨ ਸਬੰਧੀ ਦਿਤੇ ਗਏ ਸੁਝਾਅ ਨੂੰ ਵੇਖਦਿਆਂ ਉਸ ਨੂੰ ਪੈਰੋਲ ਦਿਤੀ ਜਾਵੇ। ਬੈਂਚ ਨੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਸੁਣਵਾਈ ਦੌਰਾਨ ਸੀ.ਬੀ.ਆਈ. ਵਲੋਂ ਪੇਸ਼ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਇਸ ਅਰਜ਼ੀ 'ਤੇ ਜਵਾਬ ਦਾਖ਼ਲ ਕਰਨ ਦਾ ਹੁਕਮ ਦਿਤਾ। ਕਤਲੇਆਮ ਪੀੜਤਾਂ ਵਲੋਂ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਖੋਖਰ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ। ਖੋਖਰ ਇਸ ਸਮੇਂ ਪੰਜਾਬ  ਵਿਚ ਅਪਣੇ ਜੱਦੀ ਪਿੰਡ ਵਿਚ ਹੈ। ਖੋਖਰ ਨੂੰ ਇਸ ਤੋਂ ਪਹਿਲਾਂ ਅਪਣੇ ਪਿਤਾ ਦਾ ਦੇਹਾਂਤ ਹੋਣ ਕਰ ਕੇ ਸੀਨੀਅਰ ਅਦਾਲਤ ਨੇ 15 ਜਨਵਰੀ ਨੂੰ ਚਾਰ ਹਫ਼ਤਿਆਂ ਦੀ ਪੈਰੋਲ 'ਤੇ ਰਿਹਾਅ ਕੀਤਾ ਸੀ।


ਖੋਖਰ ਅਤੇ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਇਸ ਸਮੇਂ ਸਿੱਖ ਕਤਲੇਆਮ ਸਬੰਧੀ ਇਕ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਇਨ੍ਹਾਂ ਦੋਵਾਂ ਨੂੰ ਦਿੱਲੀ ਹਾਈ ਕੋਰਟ ਨੇ 17 ਦਸੰਬਰ 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਖੋਖਰ ਵਲੋਂ ਅਪਣੀ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਉਹ 65 ਸਾਲਾ ਸੀਨੀਅਰ ਨਾਗਰਿਕ ਹੈ ਅਤੇ ਛੇ ਸਾਲ ਤੋਂ ਜੇਲ ਵਿਚ ਬੰਦ ਹੈ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਉਹ ਸ਼ੂਗਰ, ਬਲੱਡਪ੍ਰੈਸ਼ਰ ਅਤੇ ਜੋੜਾਂ ਦੇ ਦਰਦ ਵਰਗੀਆਂ ਬੀਮਾਰੀਆਂ ਨਾਲ ਜੂਝ ਰਿਹਾ ਹੈ, ਜਿਸ ਕਾਰਨ ਉਸ ਦੇ ਇਸ ਮਹਾਮਾਰੀ ਦੀ ਲਪੇਟ ਵਿਚ ਆਉਣ ਦਾ ਜ਼ਿਆਦਾ ਖ਼ਤਰਾ ਹੈ। (ਏਜੰਸੀ)