ਬਸਾਂ ਰਾਹੀਂ ਸ਼ਰਧਾਲੂਆਂ ਦੀ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸੀ ਜਾਰੀ
64 ਬਸਾਂ ਰਾਹੀਂ ਪੁੱਜੇ 2293 ਸ਼ਰਧਾਲੂ, 15 ਬਸਾਂ ਹੋਰ ਆਉਣਗੀਆਂ
ਬਠਿੰਡਾ, 29 ਅਪ੍ਰੈਲ (ਸੁਖਜਿੰਦਰ ਮਾਨ) : ਕੈਪਟਨ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਫਸੇ ਹੋਏ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਭੇਜੀਆਂ ਬਸਾਂ ਰਾਹੀਂ ਲੋਕ ਵਾਪਸ ਆਉਣਾ ਸ਼ੁਰੂ ਹੋ ਗਏ ਹਨ। ਬੁਧਵਾਰ ਨੂੰ ਸਵੇਰੇ 10 ਵਜੇ ਤੋਂ ਇਨ੍ਹਾਂ ਬਸਾਂ ਦਾ ਹਰਿਆਣਾ ਨਾਲ ਲਗਦੀ ਸਰਹੱਦ ਤੋਂ ਪੰਜਾਬ ਵਿਚ ਦਾਖ਼ਲਾ ਸ਼ੁਰੂ ਹੋਇਆ। ਜਿਥੇ ਇਨ੍ਹਾਂ ਸ਼ਰਧਾਲੂਆਂ ਨੂੰ ਨਾਸ਼ਤਾ-ਪਾਣੀ ਦੇਣ ਅਤੇ ਇਨ੍ਹਾਂ ਸਬੰਧੀ ਮੁੱਢਲਾ ਰੀਕਾਰਡ ਇਕੱਤਰ ਕਰਨ ਤੋਂ ਬਾਅਦ ਇਨ੍ਹਾਂ ਨੂੰ ਸਬੰਧਤ ਜ਼ਿਲ੍ਹਿਆਂ ਲਈ ਰਵਾਨਾ ਕੀਤਾ ਗਿਆ।
ਇਸ ਸਬੰਧੀ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦਸਿਆ ਕਿ ਬਠਿੰਡਾ ਤੋਂ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੀਆਂ 80 ਬਸਾਂ ਨੂੰ ਰਵਾਨਾ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ ਇਕ ਬੱਸ ਰਾਸਤੇ ਵਿਚ ਖ਼ਰਾਬ ਹੋਈ ਬਸ ਦੇ ਯਾਤਰੀਆਂ ਨੂੰ ਲੈ ਕੇ ਪਹਿਲਾਂ ਮੁੜ ਆਈ ਸੀ ਜਦਕਿ ਅੱਜ ਬਾਕੀ 79 ਬਸਾਂ ਦੀ ਵਾਪਸੀ ਆਰੰਭ ਹੋ ਗਈ ਹੈ। ਉਨ੍ਹਾਂ ਦਸਿਆ ਕਿ ਇੰਨ੍ਹਾਂ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਨੂੰ ਡੂਮਵਾਲੀ ਬਾਰਡਰ ਤੇ ਖਾਣਾ ਅਤੇ ਪੀਣ ਦਾ ਪਾਣੀ ਉਪਲਬੱਧ ਕਰਵਾ ਕੇ ਇਨ੍ਹਾਂ ਨੂੰ ਸਬੰਧਤ ਜ਼ਿਲ੍ਹੇ ਵਿਚ ਭੇਜਿਆ ਜਾ ਰਿਹਾ ਹੈ ਜਿਥੇ ਇਨ੍ਹਾਂ ਨੂੰ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰੀ ਤੌਰ 'ਤੇ ਇਕਾਂਤਵਾਸ ਵਿਚ ਰਖਿਆ ਜਾਵੇਗਾ।
ਉਨ੍ਹਾਂ ਦਸਿਆ ਕਿ ਸੂਬੇ ਵਿਚ ਬਸਾਂ ਦੇ ਦਾਖ਼ਲੇ ਮੌਕੇ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਮੌਕੇ 'ਤੇ ਐਸਡੀਐਮ ਅਮਰਿੰਦਰ ਸਿੰਘ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਦਸਿਆ ਕਿ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵੰਲਟੀਅਰ ਵੀ ਇਥੇ ਸ਼ਰਧਾਲੂਆਂ ਨੂੰ ਭੋਜਨ ਮੁਹਈਆ ਕਰਵਾਉਣ ਵਿਚ ਮਦਦ ਕਰ ਰਹੇ ਹਨ। ਇਨ੍ਹਾਂ ਬਸਾਂ ਰਾਹੀਂ ਆਏ ਸ਼ਰਧਾਲੂਆਂ ਨੂੰ ਮੈਰੀਟੋਰੀਅਸ ਸਕੂਲ ਵਿਖੇ ਇਕਾਂਤਵਾਸ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤਕ 64 ਬਸਾਂ ਵਾਪਸ ਆ ਗਈਆਂ ਸਨ ਜਿਨ੍ਹਾਂ ਵਿਚ ਪਰਤੇ 2293 ਸ਼ਰਧਾਲੂਆਂ ਦਾ ਜ਼ਿਲ੍ਹਾਵਾਰ ਵੇਰਵਾ ਨਿਮਨ ਅਨੁਸਾਰ ਹੈ।
ਅੰਮ੍ਰਿਤਸਰ-294, ਬਰਨਾਲਾ 97, ਬਠਿੰਡਾ 69, ਫਰੀਦਕੋਟ 6, ਫਤਿਹਗੜ੍ਹ ਸਾਹਿਬ 13, ਫ਼ਿਰੋਜ਼ਪੁਰ 30, ਫ਼ਾਜ਼ਿਲਕਾ 27, ਗੁਰਦਾਸਪੁਰ 382, ਹੁਸ਼ਿਆਰਪੁਰ 85, ਜਲੰਧਰ 122, ਕਪੂਰਥਲਾ 42, ਲੁਧਿਆਣਾ 179, ਮਾਨਸਾ 9, ਮੋਗਾ 130, ਸ੍ਰੀ ਮੁਕਤਸਰ ਸਾਹਿਬ 57, ਪਠਾਨਕੋਟ 6, ਪਟਿਆਲਾ 68, ਰੂਪਨਗਰ 31, ਮੋਹਾਲੀ 11, ਸੰਗਰੂਰ 200, ਨਵਾਂਸ਼ਹਿਰ 101, ਤਰਨਤਾਰਨ 308, ਚੰਡੀਗੜ੍ਹ ਤੇ ਹੋਰ 26 ਹਨ। ਇਸ ਤੋਂ ਬਿਨ੍ਹਾਂ ਬੀਤੀ ਰਾਤ ਰਾਜਸਥਾਨ ਦੇ ਜੈਸਲਮੇਰ ਤੋਂ ਵੀ ਲਗਭਗ 400 ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਮਜਦੂਰ ਜ਼ਿਲ੍ਹੇ ਵਿਚ ਪਹੁੰਚੇ ਸਨ ਜਿਨ੍ਹਾਂ ਨੂੰ ਤਲਵੰਡੀ ਸਾਬੋ ਵਿਖੇ ਇਕਾਂਤਵਾਸ ਵਿਚ ਰੱਖਿਆ ਗਿਆ ਹੈ।