ਤਾਲਾਬੰਦੀ ਦੌਰਾਨ ਸਪੋਕਸਮੈਨ ਦੀਆਂ ਸੇਵਾਵਾਂ ਸ਼ਲਾਘਾਯੋਗ : ਹੀਰਾ ਸੋਢੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਾਲਾਬੰਦੀ ਦੌਰਾਨ ਸਪੋਕਸਮੈਨ ਦੀਆਂ ਸੇਵਾਵਾਂ ਸ਼ਲਾਘਾਯੋਗ : ਹੀਰਾ ਸੋਢੀ

ਅਪਣੀ ਰਿਹਾਇਸ਼ 'ਤੇ ਲੋਕਾਂ ਦੀ ਮਦਦ ਦੌਰਾਨ ਫੁਰਸਤ ਦੇ ਪਲਾਂ 'ਚ ਹੀਰਾ ਸੋਢੀ ਤੇ ਆਗੂ

ਫ਼ਿਰੋਜਪੁਰ, 30 ਅਪ੍ਰੈਲ (ਜਗਵੰਤ ਸਿੰਘ ਮੱਲ੍ਹੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਕਾਰਨ ਬਾਕੀ ਸੂਬਿਆਂ ਨਾਲੋਂ ਤਾਲਾਬੰਦੀ ਦਰਮਿਆਨ ਆਮ ਲੋਕਾਂ ਨੂੰ ਕਾਫ਼ੀ ਰਾਹਤਾਂ ਹਨ। ਜ਼ਿਲ੍ਹਾ ਫ਼ਿਰੋਜ਼ਪੁਰ 'ਚ ਵੀ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਲਗਾਤਾਰ ਪ੍ਰਸ਼ਾਸਨ ਨਾਲ ਤਾਲਮੇਲ ਰੱਖ ਕੇ ਜਨਤਾ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।

ਅਪਣੀ ਰਿਹਾਇਸ਼ 'ਤੇ ਲੋਕਾਂ ਦੀ ਮਦਦ ਦੌਰਾਨ ਫੁਰਸਤ ਦੇ ਪਲਾਂ 'ਚ ਹੀਰਾ ਸੋਢੀ ਤੇ ਆਗੂ
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਖੇਡਾਂ ਅਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਨੇ ਅਪਣੀ ਰਿਹਾਇਸ਼ 'ਤੇ ਮਿਲਣ ਆਉਣ ਵਾਲਿਆਂ ਦੇ ਮਸਲੇ ਹੱਲ ਕਰਨ ਦੌਰਾਨ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ 'ਚ ਕੀਤਾ। ਪੰਜਾਬ ਇੰਟਕ ਦੇ ਚੇਅਰਮੈਨ ਅਤੇ ਸੀਨੀਅਰ ਆਗੂ ਸਾਰਜ ਸਿੰਘ ਬੰਬ ਅਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਦੀ ਹਾਜ਼ਰੀ 'ਚ ਉਨ੍ਹਾਂ ਕਰਫ਼ਿਊ ਦੌਰਾਨ ਆਮ ਲੋਕਾਂ ਅਤੇ ਪ੍ਰਸਾਸ਼ਨ ਦਰਮਿਆਨ ਸੂਚਨਾਵਾਂ ਦੇ ਆਦਾਨ ਪ੍ਰਦਾਨ ਲਈ ਰੋਜ਼ਾਨਾ ਸਪੋਕਸਮੈਨ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।


ਹੀਰਾ ਸੋਢੀ ਨੇ ਆਖਿਆ ਕਿ ਹਾੜੀ ਦੇ ਸੀਜ਼ਨ ਦੌਰਾਨ ਫਸਲ ਦੀ ਵਾਢੀ, ਮੰਡੀਕਰਨ ਅਤੇ ਬਿਜਾਈ 'ਤੇ ਲਾਕਡਾਊਨ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈ ਰਿਹਾ। ਸਰਕਾਰ, ਪ੍ਰਸ਼ਾਸਨ, ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਆਪਸੀ ਤਾਲਮੇਲ ਕਾਰਨ ਇਸ ਸਾਲ ਵੀ ਅਨਾਜ ਖਰੀਦ ਦਾ ਟੀਚਾ ਸਹਿਜ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਪਿੰਡਾਂ ਤੋਂ ਸ਼ਹਿਰਾਂ ਵਲ ਦੁੱਧ, ਫ਼ੱਲ ਅਤੇ ਸਬਜ਼ੀਆਂ ਦੀ ਆਮਦ ਕਾਰਨ ਜ਼ਰੂਰੀ ਵਸਤਾਂ ਦੀ ਕੋਈ ਵੀ ਕਮੀ ਮਹਿਸੂਸ ਨਹੀਂ ਹੋ ਰਹੀ ਹੈ। ਜਦਕਿ ਸਿਹਤ ਸੇਵਾਵਾਂ ਦੇ ਮਾਮਲੇ ਵਿਚ ਵੀ ਵਿਭਾਗ ਨੇ ਅਹਿਮ ਟੀਚੇ ਹਾਸਲ ਕੀਤੇ ਹਨ। ਉਨ੍ਹਾਂ ਕੋਵਿਡ-19 ਤੋਂ ਲੋਕਾਂ ਦੇ ਬਚਾਅ ਲਈ ਫ਼ਰੰਟਲਾਈਨ 'ਤੇ ਡਿਊਟੀਆਂ ਨਿਭਾ ਰਹੇ ਯੋਧਿਆਂ ਦੇ ਯੋਗਦਾਨ ਨੂੰ ਵੀ ਸਲਾਹਿਆ। ਉਨ੍ਹਾਂ ਹਲਕਾ ਜ਼ੀਰਾ ਤੋਂ ਜਰੂਰੀ ਕੰਮਾਂ ਲਈ ਮਿਲਣ ਆਏ ਦਰਜਨਾਂ ਟਕਸਾਲੀ ਕਾਂਗਰਸੀਆਂ ਦੀ ਹਰ ਸੰਭਵ ਮਦਦ ਦਾ ਵਿਸ਼ਵਾਸ ਵੀ ਦਿਵਾਇਆ।