ਜਲੰਧਰ ਪ੍ਰਸ਼ਾਸਨ ਦੀ ਲਾਪਰਵਾਹੀ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਨੈਗੇਟਿਵ ਕਹਿ ਕੇ ਭੇਜਿਆ ਘਰ..
ਇਕ ਪਾਸੇ ਸਰਕਾਰ ਇਹ ਕਹਿੰਦੀ ਫਿਰਦੀ ਹੈ ਕਿ ਕਰੋਨਾ ਦੇ ਚਲਦੇ ਸਾਰੇ ਲੋਕ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰਨ ਤੇ ਦੂਜੇ ਪਾਸੇ ਸਿਹਤ ਵਿਭਾਗ ਖ਼ੁਦ ਆਪ ਹੀ
ਜਲੰਧਰ, 29 ਅਪ੍ਰੈਲ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ) : ਇਕ ਪਾਸੇ ਸਰਕਾਰ ਇਹ ਕਹਿੰਦੀ ਫਿਰਦੀ ਹੈ ਕਿ ਕਰੋਨਾ ਦੇ ਚਲਦੇ ਸਾਰੇ ਲੋਕ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰਨ ਤੇ ਦੂਜੇ ਪਾਸੇ ਸਿਹਤ ਵਿਭਾਗ ਖ਼ੁਦ ਆਪ ਹੀ ਲਾਪਰਵਾਹੀ ਕਰ ਰਿਹਾ ਹੈ। ਤੁਸੀਂ ਆਪ ਹੀ ਦੱਸੋ ਇਹ ਕਿਥੋਂ ਤਕ ਠੀਕ ਹੈ। ਸਿਵਲ ਹਸਪਤਾਲ ਦਾ ਇਕ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਸਿਹਤ ਵਿਭਾਗ ਨੇ ਕੋਰੋਨਾ ਪਾਜ਼ੀਟਿਵ ਮਰੀਜ਼ ਨੂੰ ਨੈਗੇਟਿਵ ਦਸਦਿਆਂ ਉਸ ਨੂੰ ਹਸਪਤਾਲ ਤੋਂ ਵਾਪਸ ਘਰ ਭੇਜ ਦਿਤਾ, ਪਰ ਰਾਤ ਨੂੰ ਉਸ ਨੂੰ ਵਾਪਸ ਬੁਲਾਇਆ ਗਿਆ।
ਉਸ ਨੂੰ ਦਸਿਆ ਗਿਆ ਸੀ ਕਿ ਤੁਹਾਡੀ ਰੀਪੋਰਟ ਪਾਜ਼ੇਟਿਵ ਵਾਪਸ ਆਈ ਹੈ, ਗ਼ਲਤੀ ਨਾਲ ਤੁਹਾਨੂੰ ਨੈਗੇਟਿਵ ਵਜੋਂ ਵਾਪਸ ਭੇਜਿਆ ਗਿਆ। ਚਿੰਤਾ ਵਾਲੀ ਗੱਲ ਇਹ ਹੈ ਕਿ ਉਕਤ ਨੌਜਵਾਨ ਘਰ ਗਿਆ ਅਤੇ ਅਪਣੇ ਪਰਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਮਿਲਿਆ। ਹੁਣ ਉਸ ਨੂੰ ਅਪਣੇ ਪਰਵਾਰ ਦੀ ਚਿੰਤਾ ਹੋ ਰਹਿ ਹੈ, ਕਿਉਂਕਿ ਹਸਪਤਾਲ ਦੀ ਗ਼ਲਤੀ ਦੀ ਸਜ਼ਾ ਹੁਣ ਉਸ ਦੇ ਪੂਰੇ ਪਰਵਾਰ ਨੂੰ ਚੁਕਾਣੀ ਪਵੇਗੀ, ਕਿਉਂਕਿ ਹੁਣ ਉਸ ਦੇ ਟੈਸਟ ਦੁਬਾਰਾ ਲਏ ਜਾਣਗੇ।
ਵਿਸ਼ਵ ਸ਼ਰਮਾ, ਜੋ ਲਾਲ ਬਾਜ਼ਾਰ ਦਾ ਰਹਿਣ ਵਾਲਾ ਹੈ, ਨੇ ਦਸਿਆ ਕਿ ਉਸ ਨੂੰ ਕਾਂਗਰਸ ਨੇਤਾ ਦੀਪਕ ਸ਼ਰਮਾ ਦੇ ਸੰਪਰਕ ਵਿਚ ਆਉਣ ਕਾਰਨ ਕੋਰੋਨਾ ਹੋਇਆ ਸੀ। ਉਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਨੂੰ ਇਹ ਕਹਿ ਕੇ ਘਰ ਭੇਜਿਆ ਕਿ ਉਸ ਦੀ ਰੀਪੋਰਟ ਹੁਣ ਨੈਗੇਟਿਵ ਆਈ ਹੈ। ਉਹ ਵੀ ਖ਼ੁਸ਼ੀ ਨਾਲ ਘਰ ਪਰਤਿਆ ਅਤੇ ਪਰਵਾਰ ਦੇ ਹਰ ਮੈਂਬਰ ਨਾਲ ਮੁਲਾਕਾਤ ਕੀਤੀ।
ਇਸ ਤੋਂ ਬਾਅਦ, ਉਸ ਨੂੰ ਸਿਵਲ ਹਸਪਤਾਲ ਤੋਂ ਇਕ ਫ਼ੋਨ ਆਇਆ ਕਿ ਉਸ ਨੂੰ ਵਾਪਸ ਆਉਣਾ ਪਵੇਗਾ, ਉਸ ਦੀ ਰੀਪੋਰਟ ਪਾਜ਼ੇਟਿਵ ਆਈ ਹੈ, ਨੈਗੇਟਿਵ ਨਹੀਂ। ਵਿਸ਼ਵ ਸ਼ਰਮਾ ਦਾ ਕਹਿਣਾ ਹੈ ਕਿ ਉਹ ਹਸਪਤਾਲ ਵਾਪਸ ਆਇਆ ਹੈ, ਪਰ ਅਜਿਹੀ ਲਾਪ੍ਰਵਾਹੀ ਕਰਨ ਵਾਲੇ ਡਾਕਟਰ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ, ਤੇ ਜੇਕਰ ਉਸ ਦੇ ਪਰਵਾਰ ਵਿਚ ਕੋਈ ਵੀ ਅਣਹੋਣੀ ਹੋਈ ਤੇ ਇਸ ਸੱਭ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।