ਮਿਸ਼ਨਰੀ ਲਹਿਰ ਦੇ ਮੋਢੀਆਂ 'ਚੋਂ ਇਕ ਗਿਆਨੀ ਸੁਰਜੀਤ ਸਿੰਘ ਨਹੀਂ ਰਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਸ਼ਨਰੀ ਲਹਿਰ ਦੇ ਮੋਢੀਆਂ 'ਚੋਂ ਇਕ ਗਿਆਨੀ ਸੁਰਜੀਤ ਸਿੰਘ ਨਹੀਂ ਰਹੇ

ਮਿਸ਼ਨਰੀ ਲਹਿਰ ਦੇ ਮੋਢੀਆਂ 'ਚੋਂ ਇਕ ਗਿਆਨੀ ਸੁਰਜੀਤ ਸਿੰਘ ਨਹੀਂ ਰਹੇ

ਨਵੀਂ ਦਿੱਲੀ, 29 ਅਪ੍ਰੈਲ (ਅਮਨਦੀਪ ਸਿੰਘ) : ਸਿੱਖ ਮਿਸ਼ਨਰੀ ਲਹਿਰ ਦੇ ਮੋਢੀਆਂ 'ਚੋਂ ਇਕ ਗਿਆਨੀ ਸੁਰਜੀਤ ਸਿੰਘ ਵਿਛੋੜਾ ਦੇ ਗਏ। ਉਹ 80 ਵਰ੍ਹਿਆਂ ਦੇ ਸਨ।
ਪਰਵਾਰਕ ਜੀਆਂ ਨੇ ਦਸਿਆ ਕਿ ਮੰਗਲਵਾਰ ਰਾਤ ਤਕਰੀਬਨ 11 ਵਜੇ ਉਨ੍ਹਾਂ ਆਖ਼ਰੀ ਸਾਹ ਲਏ। ਇਸ ਤੋਂ ਕੁੱਝ ਸਮਾਂ ਪਹਿਲਾਂ ਉਨ੍ਹਾਂ ਚਾਹ ਨਾਲ ਬ੍ਰੈਡ ਖਾਧੀ ਸੀ, ਪਰ ਫਿਰ ਉਨ੍ਹਾਂ ਨੂੰ ਉਲਟੀ ਹੋਈ। ਗੁਸਲਖ਼ਾਨੇ 'ਚੋਂ ਬਾਹਰ ਨਿਕਲਦੇ ਸਾਰ ਹੀ ਉਹ ਸੁਆਸ ਦੇ ਗਏ। ਤਿੰਨ ਚਾਰ ਦਿਨ ਤੋਂ ਉਹ ਰੋਟੀ ਨਹੀਂ ਸਨ ਖਾ ਰਹੇ, ਸਿਰਫ ਹਲਕੀ ਤੇ ਤਰਲ ਖ਼ੁਰਾਕ ਹੀ ਲੈ ਰਹੇ ਸਨ ਅਤੇ ਉਨ੍ਹਾਂ ਦੀ ਲੱਤਾਂ ਵਿਚ ਵੀ ਕਮਜ਼ੋਰੀ ਆ ਚੁਕੀ ਸੀ। ਤਕਰੀਬਨ ਇਕ ਦਹਾਕਾ ਪਹਿਲਾਂ ਉਨ੍ਹਾਂ ਦੀ ਬਾਈਪਾਸ ਸਰਜਰੀ ਹੋ ਚੁਕੀ ਸੀ।


ਅੱਜ ਇਥੋਂ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ।  ਪਿਛੇ ਪਰਵਾਰ ਵਿਚ ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਹਰਜਿੰਦਰ ਕੌਰ, ਪੁੱਤਰ ਚਰਨਜੀਤ ਸਿੰਘ, ਧੀ ਰਤਨਜੋਤ ਕੌਰ ਤੇ ਹੋਰ ਪਰਵਾਰਕ ਮੈਂਬਰ ਹਨ।


ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਗਿਆਨੀ ਸੁਰਜੀਤ ਸਿੰਘ ਦੇ ਵਿਛੋੜੇ ਨੂੰ ਪੰਥ ਲਈ ਨਾ ਪੂਰਾ ਹੋਣ ਵਾਲਾ ਘਾਟਾ ਦਸਿਆ ਹੈ ਅਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ ਨੇ ਫੇਸਬੁਕ 'ਤੇ ਸੁਨੇਹਾ ਪਾ ਕੇ, ਗਿਆਨੀ ਸੁਰਜੀਤ ਸਿੰਘ ਦੇ ਵਿਛੋੜੇ 'ਤੇ ਅਫ਼ਸੋਸ ਜ਼ਾਹਰ ਕੀਤਾ ਹੈ।


28 ਫ਼ਰਵਰੀ, 1940 ਨੂੰ ਲਾਹੌਰ, ਪਾਕਿਸਤਾਨ ਵਿਚ ਜਨਮੇ ਗਿਆਨੀ ਸੁਰਜੀਤ ਸਿੰਘ  ਨੂੰ ਪੰਥਕ ਹਸਤੀ ਗਿਆਨੀ ਭਾਗ ਸਿੰਘ ਅੰਬਾਲਾ ਦੀ ਸੰਗਤ ਮਾਣਨ ਦਾ ਮੌਕਾ ਹਾਸਲ ਹੋਇਆ ਤੇ ਉਨ੍ਹਾਂ 1956 ਵਿਚ ਮਰਹੂਮ ਸ. ਮਹਿੰਦਰ ਸਿੰਘ ਜੋਸ਼ ਨਾਲ ਮਿਲ ਕੇ, ਮਿਸ਼ਨਰੀ ਲਹਿਰ ਕਾਇਮ ਕੀਤੀ।


ਦਰਅਸਲ ਉਦੋਂ ਪ੍ਰਸਿੱਧ ਇਤਿਹਾਸਕਾਰ ਸ. ਖ਼ੁਸ਼ਵੰਤ ਸਿੰਘ ਨੇ ਇਕ ਲੇਖ ਲਿਖ ਕੇ, ਸਿੱਖਾਂ ਨੂੰ ਵੰਗਾਰ ਪਾਈ ਸੀ ਕਿ ਸਿੱਖ ਧਰਮ ਛੇਤੀ ਖ਼ਤਮ ਹੋ ਜਾਵੇਗਾ, ਜਿਸਨੂੰ ਇਕ ਵੰਗਾਰ ਵਜੋਂ ਪ੍ਰਵਾਨ ਕਰ ਕੇ,  ਸ. ਸੁਰਜੀਤ ਸਿੰਘ ਨੇ ਅਪਣੀ ਕਿਰਤ ਕਰਦੇ ਹੋਏ 26 ਸਾਲ ਦੀ ਉਮਰ ਵਿਚ ਅਪਣੇ ਸਾਥੀ ਸ. ਮਹਿੰਦਰ ਸਿੰਘ ਜੋਸ਼ ਨਾਲ ਰਲ ਕੇ, ਸਿੱਖਾਂ ਵਿਚ ਧਰਮ ਬਾਰੇ ਚੇਤੰਨਤਾ ਪੈਦਾ ਕਰਨ ਦਾ ਬੀੜਾ ਚੁਕਿਆ ਸੀ ਤੇ ਸਿੱਖ ਮਿਸ਼ਨਰੀ ਲਹਿਰ ਦਾ ਜਨਮ ਹੋਇਆ। ਪਿਛੋਂ ਇਹ ਲਹਿਰ ਕਈ ਉਤਰਾਅ-ਚੜ੍ਹਾਅ ਤੋਂ ਪਾਰ ਕਰਦੀ ਹੋਈ ਸਿੱਖਾਂ ਨੂੰ ਜਾਗਰੂਕ ਕਰਦੀ ਰਹੀ।

ਗਿਆਨੀ ਸੁਰਜੀਤ ਸਿੰਘ ਗੁਰਮਤਿ ਐਜੂਕੇਸ਼ਨ ਸੈਂਟਰ, ਲਾਜਪਤ ਨਗਰ, ਦਿੱਲੀ ਦੇ ਨਾਂ 'ਤੇ ਗੁਰਮਤਿ ਦੇ ਵੱਖ-ਵੱਖ ਪਹਿਲੂਆਂ 'ਤੇ ਸੈਂਕੜੇ ਕਿਤਾਬਚੇ ਛਾਪ ਕੇ, ਗੁਰਮਤਿ ਦੇ ਚਾਹਵਾਨਾਂ ਨੂੰ ਡਾਕ ਰਾਹੀਂ ਭੇਜਦੇ ਸਨ ਤੇ ਇਤਿਹਾਸਕ ਗੁਰਦਵਾਰਿਆਂ ਵਿਚ ਵੀ ਖ਼ੁਦ ਜਾ ਕੇ, ਸਾਲਾਂਬੱਧੀ ਗੁਰਮਤਿ ਸਾਹਿਤ ਦੇ ਸਟਾਲ ਲਾਉਂਦੇ ਰਹੇ। ਵਰ੍ਹਿਆਂ ਬੱਧੀ ਉਹ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਨਾਲ ਵੀ ਜੁੜ ਕੇ, ਸੇਵਾ ਨਿਭਾਉਂਦੇ ਰਹੇ।


ਜਦੋਂ 'ਸਪੋਕਸਮੈਨ' ਮਹੀਨਾਵਾਰੀ ਛਪਦਾ ਹੁੰਦਾ ਸੀ, ਉਦੋਂ ਵੀ ਗਿਆਨੀ ਸੁਰਜੀਤ ਸਿੰਘ ਦੇ ਕਈ ਖੋਜ ਭਰਪੂਰ ਲੇਖ 'ਸਪੋਕਸਮੈਨ' ਵਿਚ ਛਪਦੇ ਹੁੰਦੇ ਸਨ।
ਇਨ੍ਹੀ ਦਿਨੀਂ ਵੀ 'ਰੋਜ਼ਾਨਾ ਸਪੋਕਸਮੈਨ' ਵਿਚ ਉਨਾਂ੍ਹ ਦਾ ਲੜੀਵਾਰ ਕਿਤਾਬਚਾ 'ਅਜੋਕਾ ਦਸਮ ਗ੍ਰੰਥ ਤੇ ਗੁਰੂ ਕੀਆਂ ਸੰਗਤਾਂ ' ਪ੍ਰਕਾਸ਼ਤ ਹੋ ਰਿਹਾ ਹੈ।

 ਪੰਥ ਪ੍ਰਤੀ ਸੇਵਾਵਾਂ ਲਈ ਨਾਮਵਰ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ, ਭਾਈ ਤਰਸੇਮ ਸਿੰਘ ਤੇ ਹੋਰਨਾਂ ਨੇ ਜੁਲਾਈ 2015 'ਚ ਖ਼ੁਦ ਗੁਰਮਤਿ ਐਜੂਕੇਸ਼ਨ ਸੈਂਟਰ ਪੁੱਜ ਕੇ, ਗਿਆਨੀ ਦਿਤ ਸਿੰਘ ਐਵਾਰਡ ਸਣੇ 31 ਹਜ਼ਾਰ ਦੀ ਰਕਮ ਦੇ ਕੇ, ਗਿਆਨੀ ਸੁਰਜੀਤ ਸਿੰਘ ਦਾ ਸਨਮਾਨ ਕੀਤਾ ਸੀ।


ਮਰਹੂਮ ਦੇ ਸਪੁੱਤਰ ਸ.ਚਰਨਜੀਤ ਸਿੰਘ ਨੇ ਦਸਿਆ ਕਿ ਤਾਲਾਬੰਦੀ ਦੇ ਮਾਹੌਲ ਕਰ ਕੇ, ਉਨਾਂ੍ਹ ਸਾਰਿਆਂ ਨੂੰ ਆਪੋ ਅਪਣੇ ਘਰਾਂ ਵਿਚ ਹੀ ਰਹਿਣ ਦੀ ਬੇਨਤੀ ਕੀਤੀ ਸੀ, ਫਿਰ ਵੀ ਕਈ ਨੇੜਲੇ ਸੱਜਣ ਸਸਕਾਰ ਵਿਚ ਸ਼ਾਮਲ ਹੋਏ। ਮਰਹੂਮ ਦੇ ਗ੍ਰਹਿ ਵਿਖੇ ਹੀ 5 ਮਈ ਨੂੰ ਸਵੇਰੇ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੀ ਸਮਾਪਤੀ ਹੋਵੇਗੀ।