ਕਿਸਾਨ ਮੋਰਚਿਆਂ ਵਿਚ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੀ ਮੀਟਿੰਗ ਵਿਚ ਲਿਆ ਗਿਆ ਫ਼ੈਸਲਾ

Farmers Protest

ਚੰਡੀਗੜ੍ਹ (ਭੁੱਲਰ): ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ। ਇਕ ਦੇਸ਼ ਪਧਰੀ ਕਿਸਾਨ-ਮਜ਼ਦੂਰ ਲਹਿਰ ਲਈ ਏਕਤਾ ਅਤੇ ਮਜ਼ਬੂਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਕ ਸਾਂਝਾ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕੇਂਦਰ-ਸਰਕਾਰ ਨੂੰ ਮੰਗ-ਪੱਤਰ ਵੀ ਭੇਜਿਆ ਗਿਆ। ਕਲ ਕਿਸਾਨ ਮੋਰਚਿਆਂ ’ਤੇ ਸਿੱਖਾਂ ਦੇ 9ਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਦਾ ਜਨਮ ਸ਼ਤਾਬਦੀ ਸਮਾਰੋਹ ਮਨਾਇਆ ਜਾਵੇਗਾ।

ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਹੈ।  ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨਾਂ ਅਤੇ ਖੇਤਰੀ-ਜਥੇਬੰਦੀਆਂ/ਸਮਾਜਕ ਸੰਸਥਾਵਾਂ ਦੀ ਇਕ ਸਾਂਝੀ ਬੈਠਕ ਨੇ ਸਰਬਸੰਮਤੀ ਨਾਲ ਲੋਕ ਵਿਰੋਧੀ, ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ ਮੋਦੀ ਸਰਕਾਰ ਦੀਆਂ ਵਿਨਾਸ਼ਕਾਰੀ ਨੀਤੀਆਂ ਵਿਰੁਧ ਇਕਜੁਟਤਾ ਦਾ ਪ੍ਰਗਟਾਵਾ ਕੀਤਾ।

ਮਜ਼ਦੂਰਾਂ ਅਤੇ ਕਿਸਾਨੀ ਦੀ ਸਾਂਝੀ ਬੈਠਕ ਵਿਚ ਇਸ ਗੱਲ ਦੀ ਸ਼ਲਾਘਾ ਕੀਤੀ ਗਈ ਕਿ ਦੇਸ਼ ਵਿਚ ਦੋ ਮੁੱਖ ਉਤਪਾਦਕ ਸ਼ਕਤੀਆਂ, ਕਿਸਾਨ ਅਤੇ ਮਜਦੂਰ, ਦੇ ਸੰਘਰਸ ਦੀ ਏਕਤਾ ਦਾ ਮਜਬੂਤ ਬੰਧਨ ਕੇਂਦਰ ਸਰਕਾਰ ਦੀਆਂ ਵਿਨਾਸ਼ਕਾਰੀ ਨੀਤੀਆਂ ਵਿਰੁਧ ਸੰਘਰਸ਼ ਕਰ ਰਿਹਾ ਹੈ।  ਸਰਕਾਰ ਹਰ ਖੇਤਰ ਵਿਚ ਸੋਸ਼ਣਵਾਦੀ ਨੀਤੀਆਂ ਲਿਆ ਰਹੀ ਹੈ ਜਿਵੇਂ ਕਿ ਕੌਮੀ ਪੱਧਰ ਦੀ ਦੇਸੀ ਨਿਰਮਾਣ ਸਮਰੱਥਾ ਨੂੰ ਖ਼ਤਮ ਕਰ ਕੇ ਸੋਸ਼ਣਸ਼ੀਲ ਖੇਤੀਬਾੜੀ ਕਾਨੂੰਨਾਂ ਦੁਆਰਾ ਆਰਥਕਤਾ ਨੂੰ ਵਿਗਾੜਿਆ ਜਾ ਰਿਹਾ ਹੈ।

 ਨਿਜੀਕਰਨ ਨਾਲ ਉਦਯੋਗਾਂ, ਸੇਵਾਵਾਂ, ਕੁਦਰਤੀ ਸਰੋਤਾਂ, ਸਿਹਤ ਅਤੇ ਸਿਖਿਆ ਖੇਤਰ ਉਜਾੜੇ ਜਾ ਰਹੇ ਹਨ।  ਗੁਲਾਮੀ ਦੀਆਂ ਸ਼ਰਤਾਂ ਵੀ ਮਜ਼ਦੂਰਾਂ ਤੇ ਲਾਗੂ ਕੀਤੀਆਂ ਜਾ ਰਹੀਆਂ ਹਨ, ਇਹ ਲੇਬਰ ਕੋਡ ਨੂੰ ਲਾਗੂ ਕਰਨ ਅਤੇ ਲੋਕਤੰਤਰੀ ਅਧਿਕਾਰਾਂ, ਪ੍ਰਗਟਾਵੇ ਦੀ ਆਜ਼ਾਦੀ, ਅਸਹਿਮਤੀ ਦੇ ਅਧਿਕਾਰ ਆਦਿ ਨੂੰ ਰੋਕਣ ਦੇ ਫਾਸੀਵਾਦੀ ਉਦੇਸ਼ ਨਾਲ ਲਾਗੂ ਕੀਤੇ ਜਾ ਰਹੇ ਹਨ।