'ਕੇਂਦਰ ਨੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਾ ਲਏ ਤਾਂ ਦੇਸ਼ ਭਰ ਵਿਚ ਭਾਜਪਾ ਆਗੂਆਂ ਦਾ ਹੋਵੇਗਾ ਵਿਰੋਧ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੂੰ ਵੀ ਗੰਨੇ ਦੇ ਭਾਅ ਨੂੰ ਲੈ ਕੇ ਦਿਤਾ ਅਲਟੀਮੇਟਮ

Balvir Singh Rajewal

ਚੰਡੀਗੜ੍ਹ (ਭੁੱਲਰ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ ਪੰਜ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਘਰ ਪਾ ਕੇ ਮੋਰਚੇ ਸੰਭਾਲੀ ਬੈਠੇ ਹਨ ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸਮਾਗਮਾਂ ਸਮੇਂ ਮੋਦੀ ਸਰਕਾਰ ਨੂੰ ਯਾਦ ਦਿਵਾਇਆ ਕਿ ਸਾਡੇ ਗੁਰੂ ਜੀ ਨੇ ਤਿਲਕ ਜੰਜੂ ਦੀ ਰਾਖੀ ਕਰ ਕੇ ਹਿੰਦ ਦੀ ਚਾਦਰ ਅਖਵਾਇਆ।

ਬਾਹਰਲੇ ਰਾਜਾਂ ਤੋਂ ਕਣਕ ਵੱਡੀ ਮਾਤਰਾ ਵਿਚ ਧੜਾਧੜ ਆ ਰਹੀ ਹੈ, ਨਤੀਜੇ ਵਜੋਂ ਕਿਸਾਨਾਂ ਵਿਚ ਨਿਰਾਸ਼ਤਾ ਫੈਲ ਰਹੀ ਹੈ। ਪਿੰਡਾਂ ਵਿਚੋਂ ਰੇਹੜਿਆਂ ਵਾਲੇ ਅਤੇ ਛੋਟੇ ਵਪਾਰੀ ਸਥਿਤੀ ਦਾ ਲਾਭ ਉਠਾਉਂਦੇ ਹੋਏ 1700 ਰੁਪਏ ਕੁਇੰਟਲ ਕਣਕ ਖ਼ਰੀਦ ਰਹੇ ਹਨ ਜਿਸ ਦਿਨ ਕਣਕ ਦੀ ਸਰਕਾਰੀ ਖ਼ਰੀਦ ਬੰਦ ਹੋ ਗਈ ਤਾਂ ਕਣਕ 1500 ਰੁਪੈ ਦੇ ਭਾਅ ਵੀ ਨਹੀਂ ਵਿਕਣੀ।  ਉਨ੍ਹਾਂ ਪੰਜਾਬ ਸਰਕਾਰ ਨੂੰ ਸਪੱਸ਼ਟ ਕਿਹਾ ਕਿ ਉਹ ਕੇਂਦਰ ਸਰਕਾਰ ਦਾ ਹੱਥਠੋਕਾ ਨਾ ਬਣੇ ਅਤੇ ਕਣਕ ਦੀ ਖ਼ਰੀਦ ਵਿਚ ਕਿਸਾਨਾਂ ਨੂੰ ਖੁਆਰ ਨਾ ਕਰੇ।

ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 5 ਸਾਲਾਂ ਤੋਂ ਗੰਨੇ ਦੀ ਕੀਮਤ ਵਿਚ ਇਕ ਧੇਲੇ ਦਾ ਵੀ ਵਾਧਾ ਨਹੀਂ ਕੀਤਾ। ਇਸ ਵੇਲੇ ਹਰਿਆਣੇ ਵਿਚ ਕਿਸਾਨਾਂ ਨੂੰ ਗੰਨੇ ਦਾ ਭਾਅ 350 ਰੁਪਏ ਕੁਇੰਟਲ ਮਿਲ ਰਿਹਾ ਹੈ ਜਦਕਿ ਪੰਜਾਬ ਵਿਚ 300 ਰੁਪਏ ’ਤੇ ਹੀ ਖੜਾ ਹੈ। ਇੰਜ ਕਿਸਾਨਾਂ ਨਾਲ ਧੋਖਾ ਕਰ ਕੇ ਪੰਜਾਬ ਸਰਕਾਰ ਕੇਂਦਰ ਦੀਆਂ ਲੀਹਾਂ ਉਤੇ ਤਾਂ ਨਹੀਂ ਚਲ ਰਹੀ।