Branded ਸ਼ਰਾਬ ਦੀਆਂ ਬੋਤਲਾਂ 'ਚ ਨਕਲੀ ਸ਼ਰਾਬ ਪਾ ਕੇ ਵੇਚਣ ਦੇ ਧੰਦੇ ਦਾ ਪਰਦਾਫਾਸ਼
ਸਪੋਸਕਮੈਨ ਦੀ ਖ਼ਬਰ ਦਾ ਹੋਇਆ ਅਸਰ
ਕੋਟਕਪੂਰਾ (ਗੁਰਪ੍ਰੀਤ ਸਿੰਘ ਔਲਖ) : ਕੋਟਕਪੂਰਾ ਦੀ ਮੁਕਤਸਰ ਸੜਕ ’ਤੇ ‘ਸਮਾਰਟ ਚੁਆਇਸ’ ਨਾਂਅ ਦੇ ਰੇਡੀਮੇਡ ਸ਼ੋਅਰੂਮ ਤੋਂ ਐਕਸਾਈਜ ਵਿਭਾਗ ਅਤੇ ਪੁਲਿਸ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਨਜ਼ਾਇਜ਼ ਰੂਪ ਵਿਚ ਰੱਖੀ ਸ਼ਰਾਬ ਦਾ ਵੱਡਾ ਜਖ਼ੀਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਲਗਭਗ ਚਾਰ ਘੰਟਿਆਂ ਤੋਂ ਚੱਲ ਰਹੀ ਜਾਂਚ ਦਾ ਕੰਮ ਸਪੋਕਸਮੈਨ ਦੀ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ ਅਤੇ ਐਕਸਾਈਜ ਵਿਭਾਗ ਵਲੋਂ ਕੁੱਝ ਸਮੇਂ ਬਾਅਦ ਨਵੇਂ ਤੋਂ ਨਵਾਂ ਖੁਲਾਸਾ ਵੀ ਕੀਤਾ ਜਾ ਰਿਹਾ ਸੀ।
ਈਟੀਓ ਸਤੀਸ਼ ਗੋਇਲ ਨੇ ਦੱਸਿਆ ਕਿ ਖ਼ਾਸ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਉਹ ਉਕਤ ਬੰਦ ਪਏ ਸ਼ੋਅਰੂਮ ਦੇ ਉਪਰੋਂ ਅੰਦਰ ਦਾਖਲ ਹੋਏ ਤਾਂ ਦੇਖ ਕੇ ਹੈਰਾਨੀ ਹੋਈ ਕਿਉਂਕਿ ਸ਼ੋਅਰੂਮ ਦੇ ਅੰਦਰ ਰੇਡੀਮੇਡ ਕੱਪੜਿਆਂ ਦੇ ਨਾਲ-ਨਾਲ ਨਜਾਇਜ਼ ਸ਼ਰਾਬ ਦਾ ਧੰਦਾ ਵੀ ਵੱਡੇ ਪੱਧਰ ’ਤੇ ਚਲਾਇਆ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਅੰਦਰੋਂ ਨਕਲੀ ਸ਼ਰਾਬ ਬਰਾਮਦ ਹੋਈ ਜੋ ਮਹਿੰਗੇ ਬਰਾਂਡ ਵਾਲੀਆਂ ਬੋਤਲਾਂ ਵਿਚ ਭਰ ਕੇ ਵੇਚੀ ਜਾ ਰਹੀ ਸੀ।
ਸ਼ੋਅਰੂਮ ਵਿਚੋਂ ਖਾਲੀ ਬੋਤਲਾਂ, ਢੱਕਣ, ਸੀਲਾਂ, ਨਸ਼ੀਲੀਆਂ ਗੋਲੀਆਂ ਸਮੇਤ ਹੋਰ ਵੀ ਬਹੁਤ ਕੁੱਝ ਅਜਿਹਾ ਸਮਾਨ ਬਰਾਮਦ ਹੋਇਆ, ਜਿਸ ਦੀ ਜਾਂਚ ਕਰਨ ’ਤੇ ਅਜੇ ਹੋਰ ਸਮਾਂ ਲੱਗੇਗਾ। ਉਨਾਂ ਪੁਲਿਸ ਨੂੰ ਇਕ ਰਿਵਾਲਵਰ ਦਾ ਕਵਰ ਵੀ ਸੌਂਪਿਆ, ਜਿਸ ਵਿਚ 6 ਜਿੰਦਾ ਕਾਰਤੂਸ ਵੀ ਸਨ। ਉਨਾਂ ਆਖਿਆ ਕਿ ਅਜੇ ਪੂਰੀ ਜਾਂਚ ਕੀਤੇ ਬਿਨ੍ਹਾਂ ਬੋਤਲਾਂ ਅਤੇ ਹੋਰ ਸਮਾਨ ਦੀ ਸਹੀ ਗਿਣਤੀ ਦੱਸ ਪਾਉਣੀ ਮੁਸ਼ਕਿਲ ਹੈ।
ਮੌਕੇ ’ਤੇ ਪੁੱਜੇ ਬਲਕਾਰ ਸਿੰਘ ਸੰਧੂ ਡੀਐਸਪੀ ਕੋਟਕਪੂਰਾ ਨੇ ਦੱਸਿਆ ਕਿ ਐਕਸਾਈਜ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਸ਼ੋਅਰੂਮ ਦੇ ਮਾਲਕ ਲਵਲੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਨਾਜਾਇਜ਼ ਸ਼ਰਾਬ ਪੀਣ ਨਾਲ 23 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਸੀ। ਸਪੋਸਕਮੈਨ ਵਿਚ ਲੱਗੀ ਖਬਰ ਦਾ ਅਸਰ ਹੋਇਆ ਹੈ। ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਦੇ ਸ਼ੋਅ ਰੂਮ ਵਿਚ ਚਾਪਾ ਮਾਰਿਆ ਅਤੇ ਸ਼ਰਾਬ, ਸੀਲੀਆ ਗੋਲੀਆਂ ਸਮੇਤ ਹੋਰ ਵੀ ਸਮਾਨ ਬਰਾਮਦ ਕੀਤਾ।