ਮੁੱਖ ਮੰਤਰੀ ਵੱਲੋਂ ਨਹਿਰੀ ਨਵੀਨੀਕਰਨ ਪ੍ਰਾਜੈਕਟਾਂ ਦਾ ਦਾਇਰਾ ਵਧਾਉਣ ਅਤੇ ਤੇਜ਼ੀ ਲਿਆਉਣ ਦੀ ਹਦਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਸਕੱਤਰ ਨੂੰ ਕੰਢੀ ਖੇਤਰ 'ਚ ਸਿੰਚਾਈ ਨੂੰ ਹੁਲਾਰਾ ਦੇਣ ਲਈ 72 ਵੀਰਾਨ ਟਿਊਬਵੈਲਾਂ ਨੂੰ ਬਦਲਣ ਲਈ ਫੰਡ ਅਲਾਟ ਕਰਨ ਹਿੱਤ ਕਿਹਾ

Captain Amarinder Singh

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਜਲ ਸਰੋਤ ਵਿਭਾਗ ਨੂੰ ਨਹਿਰਾਂ ਦੇ ਨਵੀਨੀਕਰਨ ਲਈ ਹੋਰ ਖੇਤਰਾਂ ਦੀ ਪਛਾਣ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਪਾਣੀ ਦੇ ਰਿਸਾਅ (ਸੀਪੇਜ) ਨੂੰ ਨੱਥ ਪਾ ਕੇ ਪਾਣੀ ਵਰਗੀ ਵੱਢਮੁੱਲੀ ਦਾਤ ਨੂੰ ਬਚਾਇਆ ਜਾ ਸਕੇ। ਕੰਢੀ ਖੇਤਰ ਵਿਚਲੇ 72 ਉਜਾੜ ਟਿਊਬਵੈਲਾਂ ਨੂੰ ਛੇਤੀ ਹੀ ਬਦਲ ਕੇ ਇਸ ਖੇਤਰ ਵਿਚ ਸਿੰਚਾਈ ਸਹੂਲਤਾਂ ਨੂੰ ਹੁਲਾਰਾ ਦੇਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਇਸ ਕਾਰਜ ਲਈ ਤਰਜੀਹੀ ਅਧਾਰ ਉੱਤੇ ਫੰਡ ਅਲਾਟ ਕਰਨ ਲਈ ਕਿਹਾ।

ਵਿਭਾਗ ਦੇ ਕੰਮਾਂ ਦੀ ਵਰਚੁਅਲ ਕਾਨਫਰੰਸ ਰਾਹੀਂ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਵਿਭਾਗ ਨੂੰ ਚੱਲ ਰਹੇ ਨਹਿਰੀ ਨਵੀਨੀਕਰਨ ਦੇ ਪ੍ਰਾਜੈਕਟਾਂ ਵਿਚ ਤੇਜ਼ੀ ਲਿਆਉਣ ਲਈ ਕਿਹਾ ਜਿਨ੍ਹਾਂ ਵਿਚ ਰਾਜਸਥਾਨ ਫੀਡਰ (41 ਕਿਲੋਮੀਟਰ) ਅਤੇ ਸਰਹਿੰਦ ਫੀਡਰ (45 ਕਿਲੋਮੀਟਰ) ਦੇ ਨਵੀਨੀਕਰਨ ਤੋਂ ਇਲਾਵਾ ਬਿਸਤ ਦੋਆਬ ਨਹਿਰੀ ਪ੍ਰਣਾਲੀ ਅਤੇ ਬਨੂੜ ਨਹਿਰੀ ਪ੍ਰਣਾਲੀ ਦੀ ਬਹਾਲੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਵਿਚ ਹਾਲਾਂਕਿ ਕਾਫੀ ਪ੍ਰਗਤੀ ਹੋਈ ਹੈ ਪਰ ਬਾਕੀ ਰਹਿੰਦਾ ਕੰਮ ਤੇਜ਼ੀ ਨਾਲ ਪੂਰਾ ਕੀਤੇ ਜਾਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ 473.15 ਕਰੋੜ ਰੁਪਏ ਦੀ ਲਾਗਤ ਵਾਲੀਆਂ 33 ਨਵੀਆਂ ਸਕੀਮਾਂ ਨੂੰ 2021-22 ਦੇ ਬਜਟ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਜਿਸ ਦਾ ਕੁੱਲ ਖਰਚਾ 156.48 ਕਰੋੜ ਰੁਪਏ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ ਘਟਦੇ ਜਾ ਰਹੇ ਜਲ ਸਰੋਤਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਸਰਕਾਰ ਲਈ ਨਵੀਨੀਕਰਨ ਦੇ ਕੰਮ ਤਰਜੀਹ ਰੱਖਦੇ ਹਨ।

ਮੁੱਖ ਮੰਤਰੀ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਕੰਢੀ ਨਹਿਰ ਪੜਾਅ-1 ਦੀ ਬਹਾਲੀ, ਲਾਹੌਰ ਬ੍ਰਾਂਚ ਪ੍ਰਣਾਲੀ ਦੇ ਨਵੀਨੀਕਰਨ, ਬਹਾਲੀ ਅਤੇ ਆਧੁਨੀਕੀਕਰਨ ਅਤੇ ਨਿਯਮਿਤ ਢਾਂਚਿਆਂ ਨੂੰ ਨਵਿਆਉਣ ਤੇ ਆਧੁਨਿਕ ਰੂਪ ਦੇਣ ਤੋਂ ਇਲਾਵਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਹੋਰ ਸਬੰਧਤ ਕੰਮ ਕੁਝ ਹੱਦ ਤੱਕ ਪੂਰੇ ਕੀਤੇ ਗਏ ਹਨ ਜਦਕਿ ਬਾਕੀ ਬਚਦੇ ਕੰਮਾਂ ਨੂੰ ਮੌਜੂਦਾ ਅਤੇ ਅਗਲੇ ਵਿੱਤੀ ਵਰ੍ਹੇ ਵਿਚ ਪੂਰਾ ਕੀਤਾ ਜਾਵੇਗਾ।

ਵਿਭਾਗ ਵੱਲੋਂ ਮੀਟਿੰਗ ਨੂੰ ਇਸ ਪੱਖ ਤੋਂ ਵੀ ਜਾਣੂੰ ਕਰਵਾਇਆ ਗਿਆ ਕਿ ਪੰਜਾਬ ਵਿਚ ਕੁੱਲ 14500 ਕਿਲੋਮੀਟਰ ਦਾ ਨਹਿਰੀ ਨੈਟਵਰਕ ਹੈ। ਇਸ ਤਰ੍ਹਾਂ ਸਾਲ 2021 ਵਿਚ ਤਕਰੀਬਨ 2800 ਕਿਲੋਮੀਟਰ ਦੇ ਨਾਲੇ 40 ਕਰੋੜ ਰੁਪਏ ਦੀ ਲਾਗਤ ਨਾਲ ਸਾਫ ਕੀਤੇ ਜਾਣਗੇ ਅਤੇ ਹੜ੍ਹ ਤੋਂ ਬਚਾਅ ਸਬੰਧੀ ਕੰਮ 60 ਕਰੋੜ ਰੁਪਏ ਦੀ ਲਾਗਤ ਨਾਲ 2021 ਦੀ ਮੌਨਸੂਨ ਰੁੱਤ ਤੋਂ ਪਹਿਲਾਂ ਪੂਰੇ ਕੀਤੇ ਜਾਣਗੇ। ਬੁੱਢੇ ਨਾਲੇ ਵਿਚ ਸਰਹਿੰਦ ਨਹਿਰ ਰਾਹੀਂ ਨੀਲੋਂ ਵਾਲੇ ਪਾਸਿਓਂ 200 ਕਿਊਸੈਕ ਪਾਣੀ ਛੱਡਣ ਦਾ ਕੰਮ 8.95 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਬੁੱਢੇ ਨਾਲੇ ਵਿਚਲੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਇਸ ਪੱਖ ਤੋਂ ਵੀ ਜਾਣੂੰ ਕਰਵਾਇਆ ਗਿਆ ਕਿ ਮੇਨ ਸ਼ਾਹਪੁਰ ਕੰਢੀ ਡੈਮ ਦਾ ਕੰਮ, ਜੋ ਕਿ ਜੰਮੂ-ਕਸ਼ਮੀਰ ਸਰਕਾਰ ਵੱਲੋਂ ਬੀਤੇ ਚਾਰ ਵਰ੍ਹਿਆਂ ਤੋਂ ਮੁਲਤਵੀ ਰੱਖੇ ਜਾਣ ਪਿੱਛੋਂ ਸ਼ੁਰੂ ਹੋਇਆ ਸੀ, ਪੂਰਾ ਕਰ ਲਿਆ ਗਿਆ ਹੈ। ਪਾਵਰ ਹਾਊਸ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਸਿਵਲ ਕੰਮ ਜੂਨ, 2023 ਤੱਕ ਅਤੇ ਬਿਜਲੀ ਸਬੰਧੀ ਕੰਮ ਜੁਲਾਈ, 2024 ਤੱਕ ਪੂਰੇ ਕਰ ਲਏ ਜਾਣਗੇ। ਇਸ ਪ੍ਰਾਜੈਕਟ ਲਈ ਬਿਜਲੀ ਪੈਦਾ ਕਰਨ ਦਾ ਕੰਮ ਅਗਸਤ, 2024 ਵਿਚ ਸ਼ੁਰੂ ਹੋਵੇਗਾ ਜਿਸ ਨਾਲ 800 ਕਰੋੜ ਰੁਪਏ ਤੱਕ ਦਾ ਸਿੱਧਾ ਲਾਭ ਮਿਲੇਗਾ (ਸ਼ਾਹਪੁਰ ਕੰਢੀ ਦੇ ਬਿਜਲੀ ਉਤਪਾਦਨ ਅਤੇ ਆਰ.ਐਸ.ਡੀ. ਦੀ ਸਿਖਰਲੀ ਸਮਰੱਥਾ ਤੋਂ 475 ਕਰੋੜ ਰੁਪਏ, ਯੂ.ਬੀ.ਡੀ.ਸੀ ਤੋਂ 144 ਕਰੋੜ ਰੁਪਏ ਦਾ ਵਾਧੂ ਬਿਜਲੀ ਲਾਭ ਅਤੇ ਯੂ.ਬੀ.ਡੀ.ਸੀ ਪ੍ਰਣਾਲੀ ਵਿਚ ਸਿੰਚਾਈ ਨੂੰ ਮਜ਼ਬੂਤ ਕਰਨ ਤੋਂ 228 ਕਰੋੜ ਰੁਪਏ)।

ਮੌਜੂਦਾ ਸਮੇਂ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਿਟਡ ਤਹਿਤ ਚਲ ਰਹੇ ਪ੍ਰਾਜੈਕਟਾਂ ਵਿਚ ਸ਼ਾਮਲ ਹਨ:-

  • ਕੋਟਲਾ ਬ੍ਰਾਂਚ ਭਾਗ-2 ਪ੍ਰਣਾਲੀ ਉੱਤੇ ਫੀਲਡ ਚੈਨਲਾਂ ਦੀ ਉਸਾਰੀ ਜਿਸ ਨਾਲ 142658 ਹੈਕਟੇਅਰ ਰਕਬਾ ਵਧੀਆ ਸਿੰਚਾਈ ਸਹੂਲਤਾਂ ਤਹਿਤ ਆਵੇਗਾ।
  • ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਛੇ ਬਲਾਕਾਂ ਵਿਚ ਬਦਲਵੇਂ ਡੂੰਘੇ 72 ਟਿਊਬਵੈਲਾਂ ਦੀ ਸਥਾਪਨਾ ਅਤੇ ਮਜ਼ਬੂਤੀਕਰਨ ਜਿਸ ਨਾਲ 3210 ਹੈਕਟੇਅਰ ਰਕਬੇ ਨੂੰ ਯਕੀਨੀ ਤੌਰ 'ਤੇ ਸਿੰਚਾਈ ਤਹਿਤ ਲਿਆਂਦਾ ਜਾ ਸਕੇਗਾ।

ਇਸ ਵਿੱਤੀ ਵਰ੍ਹੇ ਦੌਰਾਨ ਕੰਢੀ ਖੇਤਰ ਦੇ ਜ਼ਿਲ੍ਹਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਵੱਖੋ-ਵੱਖ ਬਲਾਕਾਂ ਵਿਚ 502 ਨਵੇਂ ਡੂੰਘੇ ਟਿਊਬਵੈਲਾਂ ਦੀ ਸਿੰਚਾਈ ਦੇ ਮਕਸਦ ਲਈ ਸਥਾਪਨਾ ਕਰਕੇ ਇਨ੍ਹਾਂ ਨੂੰ ਮਜ਼ਬੂਤ ਕਰਨ ਦੇ ਪ੍ਰਾਜੈਕਟ ਉੱਤੇ ਵੀ ਅਮਲ ਕੀਤਾ ਜਾਵੇਗਾ ਜੋ ਕਿ ਚਾਰ ਵਰ੍ਹਿਆਂ ਵਿਚ ਪੂਰਾ ਹੋ ਜਾਵੇਗਾ। ਇਸ ਪ੍ਰਾਜੈਕਟ ਦੇ ਪੂਰੇ ਹੋਣ ਨਾਲ 21028 ਹੈਕਟੇਅਰ ਰਕਬੇ ਨੂੰ ਸਪੱਸ਼ਟ ਤੌਰ 'ਤੇ ਸਿੰਚਾਈ ਹੇਠ ਲਿਆਉਣ ਵਿਚ ਸਫ਼ਲਤਾ ਮਿਲੇਗੀ।