ਸੁੱਚਾ ਸਿੰਘ ਲੰਗਾਹ ਨੂੰ ਪੰਥ ’ਚ ਸ਼ਾਮਲ ਕਰਨਾ, ‘ਜਥੇਦਾਰਾਂ’ ਲਈ ਬਣਿਆ ਵੱਡੀ ਮੁਸੀਬਤ

ਏਜੰਸੀ

ਖ਼ਬਰਾਂ, ਪੰਜਾਬ

ਸੁੱਚਾ ਸਿੰਘ ਲੰਗਾਹ ਨੂੰ ਪੰਥ ’ਚ ਸ਼ਾਮਲ ਕਰਨਾ, ‘ਜਥੇਦਾਰਾਂ’ ਲਈ ਬਣਿਆ ਵੱਡੀ ਮੁਸੀਬਤ

image

ਸ. ਜੋਗਿੰਦਰ ਸਿੰਘ, ਪੋ੍ਰ. ਦਰਸ਼ਨ ਸਿੰਘ ਅਤੇ ਕਾਲਾ ਅਫ਼ਗਾਨਾ ਦਾ ਦਸਣਾ ਪਵੇਗਾ ਗੁਨਾਹ

ਕੋਟਕਪੂਰਾ, 29 ਅਪ੍ਰੈਲ (ਗੁਰਿੰਦਰ ਸਿੰਘ) : ਕਿਸੇ ਸਮੇਂ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਬਿਨ ਮੰਗੀ ਮਾਫ਼ੀ ਧੱਕੇ ਨਾਲ ਦਿਵਾਉਣ ਲਈ ਬਾਦਲਾਂ ਵਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਅਪਣੀ ਰਿਹਾਇਸ਼ ’ਤੇ ਤਲਬ ਕਰਨ ਅਤੇ ਬਿਨ ਮੰਗੀ ਮਾਫ਼ੀ ਦਿਵਾਉਣ ’ਚ ਕਾਮਯਾਬ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਸੁਰਖ਼ੀਆਂ ਬਣਨ ਤੋਂ ਬਾਅਦ ਪੰਥਕ ਹਲਕਿਆਂ ਵਿਚ ਤਰਥੱਲੀ ਮੱਚ ਗਈ ਸੀ ਤੇ ਹੁਣ ਬਾਦਲਾਂ ਵਲੋਂ ਪਰਦੇ ਪਿੱਛੇ ਰਹਿ ਕੇ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਤੋਂ ਜਬਰੀ ਮਾਫ਼ੀ ਦਿਵਾਉਣ ਦੀਆਂ ਚਰਚਾਵਾਂ ਨੇ ਤਖ਼ਤਾਂ ਦੇ ਜਥੇਦਾਰਾਂ ਲਈ ਇਕ ਵਾਰੀ ਫਿਰ ਪ੍ਰੀਖਿਆ ਦੀ ਘੜੀ ਖੜੀ ਕਰ ਦਿਤੀ ਹੈ। 
  ਯਾਦ ਰਹੇ ਕਿ ਸੁੱਚਾ ਸਿੰਘ ਲੰਗਾਹ ਦੀ ਚਰਿੱਤਰ ਤੋਂ ਗਿਰੀ ਅਸ਼ਲੀਲ ਹਰਕਤਾਂ ਵਾਲੀ ਇਕ ਸ਼ਰਮਨਾਕ ਵੀਡੀਉ ਵਾਇਰਲ ਹੋਣ ਤੋਂ ਬਾਅਦ ਜਥੇਦਾਰਾਂ ਦੀ ਲੰਗਾਹ ਨੂੰ ਪੰਥ ’ਚੋਂ ਛੇਕਣ ਦੀ ਮਜਬੂਰੀ ਬਣ ਗਈ ਸੀ ਤੇ ਉਸ ਨੂੰ ਅਕਾਲੀ ਦਲ ਬਾਦਲ ਦੀ ਜ਼ਿਲ੍ਹਾ ਜਥੇਦਾਰੀ ਅਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਵੀ ਬਰਖ਼ਾਸਤ ਕਰ ਦਿਤਾ ਗਿਆ ਸੀ। ਹੁਣ ਅਕਾਲ ਤਖ਼ਤ ਤੋਂ ਜਾਰੀ ਹੁੰਦੇ ਛੇਕੂਨਾਮਿਆਂ (ਹੁਕਮਨਾਮੇ) ਦਾ ਜ਼ਿਕਰ ਕੀਤਾ ਜਾਵੇ ਤਾਂ ਸਪੋਕਸਮੈਨ ਦੇ ਸੰਸਥਾਪਕ ਸ. ਜੋਗਿੰਦਰ ਸਿੰਘ ਵਿਰੁਧ ਜਾਰੀ ਹੋਏ ਅਜਿਹੇ ਹੁਕਮਨਾਮੇ ਨੂੰ ਬਤੌਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਖ਼ੁਦ ਫ਼ੋਨ ਕਰ ਕੇ ਗ਼ਲਤ ਮੰਨ ਚੁੱਕੇ ਹਨ ਪਰ ਉਹ ਹੁਕਮਨਾਮਾ ਸਿਆਸੀ ਆਕਾਵਾਂ ਕਾਰਨ ਅਜੇ ਵੀ ਬਰਕਰਾਰ ਰਖਿਆ ਹੋਇਆ ਹੈ, ਜਦਕਿ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਅਹੁਦੇਦਾਰ ਅਤੇ ਕੋਈ ਵੀ ਛੋਟਾ-ਵੱਡਾ ਅਕਾਲੀ ਆਗੂ ਅੱਜ ਤਕ ਸ. ਜੋਗਿੰਦਰ ਸਿੰਘ ਦੀ ਇਕ ਵੀ ਪੰਥਵਿਰੋਧੀ ਗੱਲ ਸਾਬਤ ਨਹੀਂ ਕਰ ਸਕਿਆ। 
  ਭਾਈ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਅਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਿਰੁਧ ਵੀ ਬਿਨਾ ਕਿਸੇ ਕਸੂਰੋਂ ਹੁਕਮਨਾਮੇ ਜਾਰੀ ਹੋਏ, ਜਿੰਨਾ ਬਾਰੇ ਪਿਛਲੇ ਸਮੇਂ ’ਚ ਚਰਚਾ ਵੀ ਚੱਲੀ ਕਿ ਜੇਕਰ ਐਨੀ ਵੱਡੀ ਬੱਜਰ ਕੁਰਹਿਤ ਦੇ ਬਾਵਜੂਦ ਸੁੱਚਾ ਸਿੰਘ ਲੰਗਾਹ ਨੂੰ ਵਾਪਸ ਪੰਥ ਵਿਚ ਸ਼ਾਮਲ ਕਰਨ ਲਈ ਹੁਕਮਨਾਮਾ ਵਾਪਸ ਲੈਣ ਬਾਰੇ ਵਿਚਾਰ ਹੋ ਸਕਦੀ ਹੈ ਤਾਂ ਪਹਿਲਾਂ ਉਪਰੋਕਤ ਦਰਸਾਈਆਂ ਤਿੰਨ ਪੰਥਕ ਸ਼ਖ਼ਸੀਅਤਾਂ, ਉੱਘੇ ਪੰਥਕ ਵਿਦਵਾਨਾ ਅਤੇ ਸਿੱਖ ਚਿੰਤਕਾਂ ਵਿਰੁਧ ਜਾਰੀ ਕੀਤੇ ਗਏ ਝੂਠੇ ਹੁਕਮਨਾਮੇ ਵਾਪਸ ਲੈ ਕੇ ਤਖ਼ਤਾਂ ਦੇ ਜਥੇਦਾਰਾਂ ਨੂੰ ਖ਼ੁਦ ਖਿਮਾ ਯਾਚਨਾ ਕਰਨੀ ਪਵੇਗੀ। ਸੁੱਚਾ ਸਿੰਘ ਲੰਗਾਹ ਵਲੋਂ ਪਹਿਲਾਂ ਅਪਣੇ ਤੌਰ ’ਤੇ ਅਤੇ ਹੁਣ ਅਪਣੇ ਬਜ਼ੁਰਗ ਮਾਤਾ-ਪਿਤਾ ਨੂੰ ਢਾਲ ਬਣਾ ਕੇ ਤਖ਼ਤਾਂ ਦੇ ਜਥੇਦਾਰਾਂ ’ਤੇ ਪ੍ਰਭਾਵ ਬਣਾਉਣ ਦੀਆਂ ਖ਼ਬਰਾਂ ਅਜੀਬ ਸੰਕੇਤ ਦੇ ਰਹੀਆਂ ਹਨ।