ਮੋਤੀ ਮਹਿਲ ਕੋਲ ਪੁੱਜਣ ਲੱਗੇ ਟਰੈਕਟਰ, ਕਿਸਾਨਾਂ ਵਲੋਂ ਵਿਸ਼ਾਲ ਮਾਰਚ ਅੱਜ
ਪਟਿਆਲਾ ਸ਼ਹਿਰ ਵਿਚ 400-500 ਟਰੈਕਟਰ ਪਹੁੰਚ ਚੁੱਕੇ ਹਨ ਜਿਨ੍ਹਾਂ ਦੀ ਗਿਣਤੀ ਗਿਆਰਾਂ ਵਜੇ ਟਰੈਕਟਰ ਰੈਲੀ ਸ਼ੁਰੂ ਹੋਣ ਵੇਲੇ ਹਜ਼ਾਰਾਂ ਤਕ ਪਹੁੰਚਣ ਦੀ ਸੰਭਾਵਨਾ ਹੈ।
ਪਟਿਆਲਾ (ਜਸਪਾਲ ਸਿੰਘ ਢਿੱਲੋਂ) : ਰੋਡ ਕਿਸਾਨ ਸੰਘਰਸ਼ ਕਮੇਟੀ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਵਾਈ.ਪੀ.ਐਸ ਚੌਕ ਵਿਖੇ ਧਰਨਾ ਜਿਥੇ 36ਵੇਂ ਦਿਨ ਵੀ ਜਾਰੀ ਰਿਹਾ। ਉਥੇ ਹੀ ਹੁਣ ਜੰਮੂ-ਕੱਟੜਾ ਹਾਈ-ਵੇਅ ਵਿਚ ਜ਼ਮੀਨਾਂ ਆਉਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਾਜਬ ਮੁਲ ਨਾ ਮਿਲਣ ਕਾਰਨ ਸ਼ਹਿਰ ਵਿਚ ਅੱਜ ਟ੍ਰੈਕਟਰ ਮਾਰਚ ਕਰਨ ਦਾ ਵੀ ਐਲਾਨ ਕਰ ਦਿਤਾ ਹੈ।
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਭਰੋਸਾ ਦਿਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ਪ੍ਰੰਤੂ ਹਾਲੇ ਤਕ ਕੋਈ ਵੀ ਮੰਗ ਪੂਰੀ ਨਾ ਹੋਣ ਦੇ ਰੋਸ ਵਜੋਂ ਇਹ ਸੰਘਰਸ਼ ਆਰੰਭਿਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਜਦੋਂ ਤਕ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਨੇ ਦਸਿਆ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਭਾਰਤਮਾਲਾ ਪ੍ਰਾਜੈਕਟ ਦੇ ਨਾਮ ਹੇਠ ਪੰਜਾਬ ਦੇ ਕਿਸਾਨਾਂ ਦੀਆਂ ਬੇਹੱਦ ਕੀਮਤੀ ਤੇ ਉਪਜਾਊ ਜ਼ਮੀਨਾਂ ਕੌਡੀਆਂ ਦੇ ਭਾਅ ਅਤੇ ਬਿਨਾਂ ਸਹਿਮਤੀ ਤੋਂ ਖੋਹਣ ਵਿਰੁਧ ਪੰਜਾਬ ਦੇ ਕਿਸਾਨਾਂ ਵਲੋਂ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਸੰਘਰਸ਼ ਕੀਤਾ ਜਾ ਰਿਹਾ ਹੈ।
ਧਿਕਾਰੀਆਂ ਨਾਲ ਹੋਈਆਂ ਦੋ ਮੀਟਿੰਗਾਂ ਵਿਚ ਕਿਸਾਨਾਂ ਨੂੰ ਵਾਰ ਵਾਰ ਭਰੋਸਾ ਦਿਵਾਇਆ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਵਾ ਕੇ ਕਿਸਾਨਾਂ ਦੀਆਂ ਸੱਭ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ, ਪਰ 36 ਦਿਨ ਲੰਘਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਇਸ ਕੰਮ ਵਿਚ ਅਸਫਲ ਰਹੇ ਹਨ ਜਿਸ ਤੋਂ ਬਾਅਦ ਭੜਕੇ ਕਿਸਾਨਾਂ ਨੇ 30 ਅਪ੍ਰੈਲ ਨੂੰ ਪਟਿਆਲਾ ਸ਼ਹਿਰ ਨੂੰ ਟਰੈਕਟਰ ਰੈਲੀ ਕਰ ਕੇ ਜਾਮ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਿਚ 400-500 ਟਰੈਕਟਰ ਪਹੁੰਚ ਚੁੱਕੇ ਹਨ ਜਿਨ੍ਹਾਂ ਦੀ ਗਿਣਤੀ ਸ਼ੁਕਰਵਾਰ ਦੀ ਸਵੇਰ ਗਿਆਰਾਂ ਵਜੇ ਟਰੈਕਟਰ ਰੈਲੀ ਸ਼ੁਰੂ ਹੋਣ ਵੇਲੇ ਹਜ਼ਾਰਾਂ ਤਕ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਵਾਈਪੀਐਸ ਚੌਕ ਤੋਂ ਟਰੈਕਟਰ ਰੈਲੀ ਸ਼ੁਰੂ ਕਰ ਕੇ ਖੰਡਾ ਚੌਕ ਅਤੇ ਥਾਪਰ ਕਾਲਜ ਆਦਿ ਵਾਲੀ ਸਾਈਡ ਤੋਂ ਘੁੰਮਦੇ ਹੋਏ ਸਾਰੇ ਪਟਿਆਲਾ ਸ਼ਹਿਰ ਵਿਚ ਮਾਰਚ ਕਰਨ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਦਾ ਪੱਕੇ ਤੌਰ ’ਤੇ ਘਿਰਾਉ ਕੀਤਾ ਜਾਵੇਗਾ।
ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਗਲੋਲੀ, ਨਿਰੰਕਾਰ ਸਿੰਘ ਸੰਧੂ ਸ਼ਤਰਾਣਾ, ਯਾਦਵਿੰਦਰ ਸਿੰਘ, ਗੁਰਦਿਆਲ ਸਿੰਘ ਬੁੱਟਰ, ਗੁਰਜੀਤ ਸਿੰਘ ਗਿੱਲ, ਪਰਗਟ ਸਿੰਘ ਬਰਾਸ, ਸਤਨ ਸਿੰਘ ਸਰਪੰਚ, ਰਾਜਵਿੰਦਰ ਸਿੰਘ ਹੁੰਦਲ, ਜਗਤਾਰ ਸਿੰਘ ਬਰਾਸ, ਰਣਜੀਤ ਸਿੰਘ ਬਰਾਸ ਤੇ ਕੁਲਦੀਪ ਸਿੰਘ ਅਤਾਲਾ ਆਦਿ ਹਾਜ਼ਰ ਸਨ।