ਪਿਤਾ ਨੇ ਆਪਣੀ 8 ਸਾਲਾ ਬੇਟੀ ਨੂੰ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਹੋਈ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਜ ਸੇਵੀ ਸੰਸਥਾਵਾਂ ਨੇ ਪਿਤਾ ਨੂੰ ਫੜ੍ਹ ਕੇ ਕੀਤਾ ਪੁਲਿਸ ਹਵਾਲੇ  

Punjab News

ਬਠਿੰਡਾ : ਕਸਬਾ ਰਾਮਪੁਰਾ ਫੂਲ  ਦੇ ਪਿੰਡ ਰਾਮਪੁਰਾ ਤੋਂ ਇੱਕ ਬੇਰਹਿਮ ਪਿਤਾ ਦੀ ਵੀਡੀਓ ਸੋਸ਼ਲ ਮੀਡੀਆ ਤੇਜ਼ੀ ਨਾਲ ਫੈਲ ਰਹੀ ਹੈ। ਇਹ ਬੱਚੀ ਜੋ ਕਰੀਬ ਅੱਠ ਸਾਲ ਦੀ ਹੈ । ਲਕੜੀ ਮਨਪ੍ਰੀਤ ਦੀ ਉਸ ਦੇ ਪਿਤਾ ਨਿਰਮਲ ਸਿੰਘ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਇੰਨਾ ਹੀ ਨਹੀਂ ਸਗੋਂ ਬੱਚੀ ਦੇ ਗਲ਼ ਵਿੱਚ ਪਰਨਾ ਪਾ ਕੇ ਉਸ ਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਸਾਰੇ ਘਟਨਾਕ੍ਰਮ ਦੀ ਕੋਈ ਵਿਅਕਤੀ ਹੱਸਦਾ ਹੋਇਆ ਵੀਡੀਓ ਰਿਕਾਰਡਿੰਗ ਕਰਦਾ ਹੈ।

ਇਹ ਸਾਰਾ ਕੁਝ ਵੀਡੀਓ ਵਿਚ ਸਾਫ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ। ਸਹਾਰਾ ਜਨਸੇਵਾ ਦੇ ਸੰਦੀਪ ਵਰਮਾ ਵੱਲੋਂ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿਤੀ ਗਈ ਅਤੇ ਨਿਰਮਲ ਸਿੰਘ ਨੂੰ ਗ੍ਰਿਫਤਾਰ ਕਰਵਾਇਆ ਗਿਆ ਹੈ। ਨਿਰਮਲ ਸਿੰਘ ਜੋ ਮੌਕੇ ਤੋਂ ਫ਼ਰਾਰ ਹੋਣ ਦੀ ਫਿਰਾਕ ਵਿੱਚ ਸੀ, ਉਸ ਨੇ ਪੁਲਿਸ ਦੀ ਹਿਰਾਸਤ ਵਿੱਚ ਮੰਨਿਆ ਕਿ ਉਸ ਵੱਲੋਂ ਇਹ ਕੁੱਟਮਾਰ ਉਸ ਦੀ ਪਤਨੀ ਦੇ ਕਹਿਣ 'ਤੇ ਕੀਤੀ ਗਈ ਸੀ। 

ਉਧਰ ਨਿਰਮਲ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਨਿਰਮਲ ਸਿੰਘ ਨੇ ਉਸ ਨੂੰ ਦੋ ਮਹੀਨੇ ਪਹਿਲਾਂ ਹੀ ਘਰੋਂ ਕੱਢ ਦਿੱਤਾ ਸੀ ਅਤੇ ਬੇਟੀ ਮਨਪ੍ਰੀਤ ਨੂੰ ਨਾਲ ਨਹੀਂ ਸੀ ਜਾਣ ਦਿੱਤਾ।

ਇਸ ਤੋਂ ਇਲਾਵਾ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨਿਰਮਲ ਸਿੰਘ ਨੇ ਕਿਸੇ ਗ਼ੈਰ ਔਰਤ ਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਹੈ। ਫਿਲਹਾਲ ਪੁਲਿਸ ਨੇ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

ਇਸ ਮੌਕੇ ਪੁਲਿਸ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਮਿਲਣ 'ਤੇ ਉਕਤ ਨਿਰਮਲ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਇਸ ਬਾਰੇ ਪਤਾ ਲੱਗਾ ਹੈ ਕਿ ਬੱਚੀ ਦੀ ਮਾਂ ਨੂੰ ਵੀ ਕੁੱਟ ਕੇ ਘਰੋਂ ਬਾਹਰ ਕੱਢ ਦਿਤਾ ਗਿਆ ਸੀ ਅਤੇ ਉਹ ਇੱਕ ਮਹੀਨੇ ਤੋਂ ਆਪਣੀ ਭੈਣ ਕੋਲ ਨਾਭੇ ਰਹਿ ਰਹੀ ਹੈ।

ਬੱਚੀ ਦੀ ਕੁੱਟਮਾਰ ਵਾਲੀ ਵੀਡੀਓ ਵਾਇਰਲ ਹੋਣ ਮਗਰੋਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਉਸ ਵਿਰੁੱਧ ਐਫ.ਆਈ.ਆਰ. ਵੀ ਦਰਜ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਨਿਰਮਲ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਕਿਸੇ ਗੱਲੋਂ ਗੁੱਸੇ ਵਿਚ ਆ ਕੇ ਆਪਣੀ ਬੱਚੀ ਦੀ ਕੁੱਟਮਾਰ ਕੀਤੀ ਹੈ। ਬੱਚੀ ਨੂੰ ਫਿਲਹਾਲ ਉਸ ਦੀ ਮਾਂ ਦੇ ਹਵਾਲੇ ਕਰ ਕੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।