ਮੁੱਖ ਮੰਤਰੀ ਨੇ ਡੀਜੀਪੀ ਤੇ ਉੱਚ ਪੁਲਿਸ ਅਫ਼ਸਰਾਂ ਨੂੰ ਕੀਤਾ ਤਲਬ, ਪਟਿਆਲਾ ਦੇ ਘਟਨਾਕ੍ਰਮ ਉਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਡੀਜੀਪੀ ਤੇ ਉੱਚ ਪੁਲਿਸ ਅਫ਼ਸਰਾਂ ਨੂੰ ਕੀਤਾ ਤਲਬ, ਪਟਿਆਲਾ ਦੇ ਘਟਨਾਕ੍ਰਮ ਉਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ

image


ਚੰਡੀਗੜ੍ਹ, 29 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਖ਼ਾਲਿਸਤਾਨ ਵਿਰੋਧੀ ਮਾਰਚ ਕਾਰਨ ਪੈਦਾ ਹੋਏ ਵਿਵਾਦ ਦੇ ਚਲਦੇ ਪਟਿਆਲਾ 'ਚ ਸ਼ਿਵ ਸੈਨਿਕਾਂ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਹੋਈਆਂ ਝੜਪਾਂ ਤੇ ਹਿੰਸਾ ਦੀਆਂ ਘਟਨਾਵਾਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਾਮ ਇਥੇ ਡੀਜੀਪੀ ਬੀ ਕੇ ਭਾਵਰਾ ਅਤੇ ਪੁਲਿਸ ਦੇ ਹੋਰ ਉੱਚ ਅਫ਼ਸਰਾਂ ਨੂੰ  ਤਲਬ ਕਰਕੇ ਪੈਦਾ ਹੋਈ ਸਥਿਤੀ ਬਾਰੇ ਜਾਣਕਾਰੀ ਲਈ | ਮੁੱਖ ਮੰਤਰੀ ਨੇ ਪਟਿਆਲਾ ਦੇ ਘਟਨਾਕ੍ਰਮ ਉਪਰ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਡੀਜੀਪੀ ਨੂੰ  ਹੁਕਮ ਦਿਤੇ ਕਿ ਇਸ ਹੋਈ ਢਿੱਲ ਮੱਠ ਤੇ ਸਮੇਂ ਸਿਰ ਸਥਿਤੀ ਨੂੰ  ਕੰਟਰੋਲ ਨਾ ਕੀਤੇ ਜਾਣ ਸਬੰਧੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ | ਸਾਰੇ ਘਟਨਾਕ੍ਰਮ ਦੀ ਪੂਰੀ ਜਾਂਚ ਕਰ ਕੇ ਹਿੰਸਕ ਘਟਨਾਵਾਂ ਲਈ ਜ਼ਿੰਮੇਵਾਰ ਦੋਵੇਂ ਪਾਸਿਆਂ ਦੇ ਸਾਰੇ ਲੋਕਾਂ ਦੀ ਪਹਿਚਾਣ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ  ਸਾਫ਼ ਕਹਿ ਦਿਤਾ ਕਿ ਕੋਈ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ | ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਇਸ ਗੱਲ ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਕਿ ਗੁਪਤ ਚਾਰ ਏਜੰਸੀ ਦੀਆਂ ਰਿਪੋਰਟਾਂ ਅਤੇ ਹੋਣ ਵਾਲੇ ਸ਼ਿਵ ਸੈਨਾ ਦੇ ਪ੍ਰੋਗਰਾਮ ਦੀ ਪਹਿਲਾਂ ਤੋਂ ਜਾਣਕਾਰੀ ਹੋਣ ਦੇ ਬਾਵਜੂਦ ਇਨ੍ਹਾਂ ਨੂੰ  ਪਹਿਲਾਂ ਹੀ ਰੋਕਣ ਦੇ ਪੁਖ਼ਤਾ ਇੰਤਜਾਮ ਕਿਉਂ  ਨਾ ਕੀਤੇ ਗਏ | ਘਟਨਾਕ੍ਰਮ ਦੀਆਂ ਵੀਡੀਉ ਨੂੰ  ਦੇਖ ਕੇ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਨੂੰ  ਕੰਟਰੋਲ ਕਰਨ 'ਚ ਪੁਲਿਸ ਦੀ ਢਿੱਲ ਮੱਠ ਸਾਫ਼ ਦਿਖਦੀ ਹੈ | ਸੁਣਨ 'ਚ ਆਇਆ ਹੈ ਕਿ ਪਟਿਆਲਾ ਖੇਤਰ ਦੇ ਆਈਜੀ ਤੇ ਹੋਰ ਕੁੱਝ ਪੁਲਿਸ ਅਫ਼ਸਰਾਂ ਵਿਰੁਧ ਜਾਂਚ ਤੋਂ ਬਾਅਦ ਕਾਰਵਾਈ ਹੋ ਸਕਦੀ ਹੈ ਇਸ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ  ਨੇ ਟਵੀਟ ਕਰ ਕੇ ਘਟਨਾਕ੍ਰਮ ਨੂੰ  ਬਹੁਤ ਹੀ ਮੰਦਭਾਗਾ ਦਸਦਿਆਂ ਕਿਹਾ ਕਿ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਕਿਸੇ ਨੂੰ  ਵੀ ਭੰਗ ਕਰਨ ਦੀ ਆਗਿਆ ਨਹੀਂ ਦਿਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸੂਬੇ ਦਾ ਆਪ ਸੀ ਭਾਈਚਾਰਾ ਅਤੇ ਫ਼ਿਰਕੂ  ਸਦਭਾਵਨਾ ਹਰ ਹਾਲਤ 'ਚ ਕਾਇਮ ਰੱਖੀ ਜਾਵੇਗੀ | ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੀਆਂ ਪੁਲਿਸ ਅਫ਼ਸਰਾਂ ਨਾਲ ਮੀਟਿੰਗ ਦੀਆਂ ਫੋਟੋਆਂ ਟਵੀਟ ਰਾਹੀਂ ਸਾਹਮਣੇ ਆਈਆਂ ਹਨ ਅਤੇ ਇਸ 'ਚ ਵੀ ਮੁੱਖ ਮੰਤਰੀ ਦੀ ਨਾਰਾਜ਼ਗੀ ਸਾਫ਼ ਝਲਕ ਰਹੀ ਹੈ |