ਮਾਨਸਾ ਅਦਾਲਤ ਨੇ CM ਭਗਵੰਤ ਮਾਨ ਨੂੰ ਜਾਰੀ ਕੀਤੇ ਸੰਮਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕੋਰਟ ਵਿਚ ਪਾਇਆ ਸੀ ਇੱਜ਼ਤ ਹੱਤਕ ਦਾ ਕੇਸ

Mansa court issues summons to CM Bhagwant Mann

ਅਦਾਲਤ ਨੇ ਹੁਣ ਸੰਮਨ ਜਾਰੀ ਕਰ 21 ਜੁਲਾਈ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ
ਚੰਡੀਗੜ੍ਹ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਨਸਾ ਕੋਰਟ ਵਲੋਂ ਸੰਮਨ ਜਾਰੀ ਕੀਤੇ ਗਏ ਹਨ। ਅਦਾਲਤ ਵਲੋਂ ਉਨ੍ਹਾਂ ਨੂੰ 21 ਜੁਲਾਈ ਤੱਕ ਪੇਸ਼ ਹੋਣ ਦੇ ਹੁਕਮ ਦਿਤੇ ਗਏ ਹਨ। ਦੱਸ ਦੇਈਏ ਕਿ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਕੋਰਟ ਵਿਚ ਕੇਸ ਪਾਇਆ ਗਿਆ ਸੀ। ਉਨ੍ਹਾਂ ਵਲੋਂ ਕਿਹਾ ਗਿਆ ਸੀ ਕਿ ਜਦੋਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿਚ ਗਏ ਸਨ ਤਾਂ ਭਗਵੰਤ ਮਾਨ ਵਲੋਂ ਮਾਨਸ਼ਾਹੀਆ ਬਾਰੇ ਇੱਕ ਬਿਆਨ ਦਿਤਾ ਗਿਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਨਾਜ਼ਰ ਸਿੰਘ 10 ਕਰੋੜ ਰੁਪਏ ਦੇ ਬਦਲੇ ਵਿੱਕ ਗਿਆ ਹੈ ਅਤੇ ਇੱਕ ਕੁਰਸੀ ਦੀ ਪਿੱਛੇ ਉਸ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ੍ਹਿਆ ਹੈ। ਉਸ ਬਿਆਨ ਨੂੰ ਅਧਾਰ ਬਣਾਉਂਦੇ ਹੋਏ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਕੋਰਟ ਵਿਚ ਇੱਜ਼ਤ ਹੱਤਕ ਦਾ ਕੇਸ ਦਾਇਰ ਕੀਤੀ ਗਈ ਸੀ ਜਿਸ ਦੇ ਚਲਦੇ ਮਾਨਸਾ ਅਦਾਲਤ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਮਨ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਇਹ ਮਾਮਲਾ 25 ਅਪ੍ਰੈਲ 2019  ਦਾ ਹੈ ਜਦੋਂ ਮਾਨਸਾ ਤੋਂ ਵਿਧਾਇਕ ਮਾਨਸ਼ਾਹੀਆ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸਨ।

ਉਸ ਸਮੇਂ ਭਗਵੰਤ ਮਾਨ ਨੇ ਬਿਆਨ ਦਿਤਾ ਸੀ ਕਿ ਨਾਜ਼ਰ ਸਿੰਘ ਮਾਨਸ਼ਾਹੀਆ 10 ਕਰੋੜ ਰੁਪਏ ਅਤੇ ਇੱਕ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਦੀ ਕੁਰਸੀ ਬਦਲੇ ਵਿੱਕ ਗਿਆ ਹੈ। ਜਿਸ ਤੋਂ ਬਾਅਦ ਉਸ ਵੇਲੇ ਦੇ ਮਾਨਸਾ ਤੋਂ ਵਿਧਾਇਕ ਮਾਨਸ਼ਾਹੀਆ ਨੇ ਅਦਾਲਤ ਵਿਚ ਭਗਵੰਤ ਮਾਨ ਅਤੇ ਹੋਰਨਾਂ ਖ਼ਿਲਾਫ਼ ਇੱਜ਼ਤ ਹੱਤਕ ਦਾ ਕੇਸ ਦਾਇਰ ਕੀਤਾ ਸੀ।

ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹੀ ਅਦਾਲਤ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਮਨ ਜਾਰੀ ਕੀਤੇ ਗਏ ਹਨ ਕਿਉਂਕਿ ਉਹ ਖੁਦ ਅਦਾਲਤ ਵਿਚ ਨਹੀਂ ਪਹੁੰਚੇ ਸਨ। ਦੱਸ ਦੇਈਏ ਕਿ 21 ਜੁਲਾਈ ਤੱਕ ਅਦਾਲਤ ਵਲੋਂ ਪੇਸ਼ ਹੋਣ ਦਾ ਸਮਾਂ ਦਿਤਾ ਗਿਆ ਹੈ ਅਤੇ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਅਦਾਲਤ ਵਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਸ ਬਾਰੇ ਗੱਲ ਕਰਦਿਆਂ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ 25 ਅਪ੍ਰੈਲ ਨੂੰ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਅਤੇ ਉਸ ਤੋਂ ਦੋ ਦਿਨ ਬਾਅਦ ਭਗਵੰਤ ਮਾਨ ਵਲੋਂ ਉਨ੍ਹਾਂ ਖ਼ਿਲਾਫ਼ ਬਿਆਨਬਾਜ਼ੀ ਕੀਤੀ ਗਈ। ਮਾਨਸ਼ਾਹੀਆ ਨੇ ਦੱਸਿਆ ਕੇ ਕਈ ਵਾਰ ਭਗਵੰਤ ਮਾਨ ਨੂੰ ਕਿਹਾ ਗਿਆ ਸੀ ਕਿ ਇਸ ਬਿਆਨ ਬਾਰੇ ਮੁਆਫ਼ੀ ਮੰਗੀ ਜਾਵੇ ਜਾ ਆਪਣੇ ਬਿਆਨ ਦਾ ਖੰਡਨ ਕੀਤਾ ਜਾਵੇ।

ਪਰ ਭਗਵੰਤ ਮਾਨ ਵਲੋਂ ਇਸ ਬਾਰੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਅਦਾਲਤ ਵਿਚ ਭਗਵੰਤ ਮਾਨ ਸਮੇਤ ਕਰੀਬ 9 ਲੋਕਾਂ ਵਿਰੁੱਧ ਕੇਸ ਦਾਇਰ ਕੀਤਾ ਸੀ। ਅਦਾਲਤ ਵਲੋਂ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਗਏ ਸਨ ਪਰ ਉਹ ਖੁਦ ਅਦਾਲਤ ਵਿਚ ਨਾ ਆ ਕੇ ਆਪਣੇ ਵਕੀਲ ਨੂੰ ਭੇਜਿਆ ਸੀ ਕਿ ਉਨ੍ਹਾਂ ਨੂੰ ਪੇਸ਼ੀ ਤੋਂ ਛੋਟ ਦਿਤੀ ਜਾਵੇ। ਉਨ੍ਹਾਂ ਦੱਸਿਆ ਕਿ ਮਾਨਯੋਗ ਅਦਾਲਤ ਵਲੋਂ ਉਨ੍ਹਾਂ ਦੀ ਅਪੀਲ ਨੂੰ ਖਾਰਜ ਕਰ ਦਿਤਾ ਗਿਆ ਹੈ ਕਿ ਭਗਵੰਤ ਮਾਨ ਨੂੰ ਖੁਦ ਅਦਾਲਤ ਵਿਚ ਪੇਸ਼ ਹੋਣਾ ਪਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 21 ਜੁਲਾਈ ਨੂੰ ਹੋਵੇਗੀ ਜਿਥੇ ਉਨ੍ਹਾਂ ਨੂੰ ਪੇਸ਼ ਹੋਣ ਦੇ ਹੁਕਮ ਦਿਤੇ ਗਏ ਹਨ।