ਪਟਿਆਲਾ ਘਟਨਾ:  ਨਵੇਂ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕੀਤੀ ਪ੍ਰੈੱਸ ਕਾਨਫ਼ਰੰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਜਿੰਦਰ ਸਿੰਘ ਪਰਵਾਨਾ ਨੂੰ ਦੱਸਿਆ ਸਾਜ਼ਿਸ਼ਕਰਤਾ

photo

 

v

ਚੰਡੀਗੜ੍ਹ: ਪਟਿਆਲਾ ਹਿੰਸਾ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਰੇਂਜ ਦੇ ਨਵੇਂ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਬਰਜਿੰਦਰ ਸਿੰਘ ਪਰਵਾਨਾ ਵਜੋਂ ਕੀਤੀ ਗਈ। ਬਰਜਿੰਦਰ ਸਿੰਘ ਪਰਵਾਨਾ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਪਰਵਾਨਾ ਦਾ ਅਪਰਾਧਿਕ ਰਿਕਾਰਡ ਹੈ, ਉਸ ਵਿਰੁੱਧ ਪਹਿਲਾਂ ਵੀ ਦੋ ਕੇਸ ਦਰਜ ਸਨ ਅਤੇ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਜਾਰੀ ਹੈ।  ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲੀਸ ਛਾਪੇਮਾਰੀ ਕਰ ਰਹੀ ਹੈ।  

 

 

 

ਮਾਮਲੇ ਵਿਚ ਪੁਲਿਸ ਵੱਲੋਂ ਹਰੀਸ਼ ਸਿੰਗਲਾ, ਕੁਲਦੀਪ ਸਿੰਘ ਅਤੇ ਦਲਜੀਤ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਰੀਸ਼ ਸਿੰਗਲਾ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਆਈਜੀ ਪਟਿਆਲਾ ਨੇ ਦੱਸਿਆ ਕਿ ਸ਼ਾਂਤੀ ਕਮੇਟੀ ਦੇ ਮੈਂਬਰਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸ਼ਹਿਰ ਵਿਚ ਕਿਸੇ ਵੀ ਜਲੂਸ ਵਿਚ ਅਜਿਹਾ ਮਾਹੌਲ ਨਹੀਂ ਬਣਾਇਆ ਜਾਵੇਗਾ।  ਉਹਨਾਂ ਕਿਹਾ ਕਿ ਮਾਮਲੇ ਦੇ ਸਾਰੇ ਮੁਲਜ਼ਮ, ਭਾਵੇਂ ਉਹਨਾਂ ਦਾ ਕੋਈ ਵੀ ਸਬੰਧ ਹੋਵੇ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ। 

 

ਪ੍ਰੈੱਸ ਕਾਨਫਰੰਸ ਦੌਰਾਨ ਪਟਿਆਲਾ ਦੇ ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਵੇਰੇ 6 ਵਜੇ ਕਰਫਿਊ ਹਟਾਇਆ ਗਿਆ ਅਤੇ ਇੰਟਰਨੈੱਟ ਸੇਵਾਵਾਂ ਸ਼ਾਮ 4 ਵਜੇ ਤੋਂ ਬਾਅਦ ਬਹਾਲ ਕਰ ਦਿੱਤੀਆਂ ਗਈਆਂ ਹਨ। ਪਟਿਆਲਾ ਵਿੱਚ ਸ਼ਾਂਤੀ ਕਮੇਟੀ ਦੀ ਮੀਟਿੰਗ ਹੋਈ। ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਕਹਿਣਾ ਹੈ ਕਿ ਹਰ ਕੋਈ ਚਾਹੁੰਦਾ ਹੈ ਕਿ ਪਟਿਆਲਾ ਦੀ ਫਿਰਕੂ ਸਦਭਾਵਨਾ ਬਣੀ ਰਹੇ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਪਟਿਆਲਾ ਹਿੰਸਾ ਮਗਰੋਂ ਆਈਜੀ, ਐੱਸਐੱਸਪੀ ਪਟਿਆਲਾ ਤੇ ਐੱਸਪੀ ਸਿਟੀ ਦਾ ਤਬਾਦਲਾ ਕਰ ਦਿੱਤਾ ਹੈ। ਮੁਖਵਿੰਦਰ ਸਿੰਘ ਨਵੇਂ ਆਈਜੀ ਪਟਿਆਲਾ ਹੋਣਗੇ। ਜਦਕਿ ਦੀਪਕ ਪਾਰਿਖ ਐੱਸਐੱਸਪੀ ਅਤੇ  ਵਜ਼ੀਰ ਸਿੰਘ ਐੱਸਪੀ ਸਿਟੀ ਹੋਣਗੇ।

ਹਿੰਦੂ ਸੰਗਠਨਾਂ ਨੇ ਦਿੱਤਾ 48 ਘੰਟਿਆਂ ਦਾ ਅਲਟੀਮੇਟਮ 

ਪੁਲਿਸ ਨੇ ਹਿੰਦੂ ਸੰਗਠਨਾਂ ਨੂੰ ਰੋਸ ਮਾਰਚ ਨਾ ਕੱਢਣ ਲਈ ਮਨਾ ਲਿਆ। ਐਸਐਸਪੀ ਨਾਨਕ ਸਿੰਘ ਨਾਲ ਗੱਲਬਾਤ ਮਗਰੋਂ ਹਿੰਦੂ ਸੰਗਠਨਾਂ ਨੇ ਹੜਤਾਲ ਵਾਪਸ ਲੈ ਲਈ। ਹਿੰਦੂ ਸੰਗਠਨਾਂ ਨੇ ਮੰਦਰ 'ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ।