ਪਟਿਆਲਾ ਘਟਨਾਕ੍ਰਮ : SSP ਨੇ ਹੱਥ ਜੋੜ ਕੇ ਮਨਾਏ ਸ਼ਿਵ ਸੈਨਾ ਆਗੂ, ਕਰਵਾਇਆ ਧਰਨਾ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਦਰ 'ਤੇ ਹਮਲਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਮੰਗਿਆ ਦੋ ਦਿਨ ਦਾ ਸਮਾਂ 

Patiala Incident

ਪਟਿਆਲਾ : ਪਟਿਆਲਾ ਘਟਨਾਕ੍ਰਮ ਸਬੰਧੀ ਜੋ ਕਾਲੀ ਮਾਤਾ ਮੰਦਰ ਦੇ ਬਾਹਰ ਸ਼ਿਵ ਸੈਨਾ ਆਗੂਆਂ ਵਲੋਂ ਧਰਨਾ ਲਗਾਇਆ ਗਿਆ ਸੀ ਉਹ ਖ਼ਤਮ ਕਰਵਾ ਦਿਤਾ ਗਿਆ ਹੈ। ਦੱਸ ਦੇਈਏ ਕਿ ਐਸ.ਐਸ.ਪੀ. ਨਾਨਕ ਸਿੰਘ ਵਲੋਂ ਧਰਨੇ ਵਾਲੀ ਜਗ੍ਹਾ 'ਤੇ ਜਾ ਕੇ ਧਰਨਾ ਲਗਾਉਣ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਹੱਥ ਜੋੜ ਕੇ ਅਪੀਲ ਕੀਤੀ ਕਿ ਇਹ ਧਰਨਾ ਖ਼ਤਮ ਕੀਤਾ ਜਾਵੇ।

ਪੁਲਿਸ ਵਲੋਂ ਦਿਤੇ ਭਰੋਸੇ ਮਗਰੋਂ ਸ਼ਿਵ ਸੈਨਾ ਵਲੋਂ ਧਰਨਾ ਖ਼ਤਮ ਕਰ ਦਿਤਾ ਗਿਆ ਹੈ ਅਤੇ ਸਰਕਾਰ ਸਮੇਤ ਪੁਲਿਸ ਪ੍ਰਸ਼ਾਸਨ ਨੂੰ ਦੋ ਦਿਨ ਦਾ ਅਲਟੀਮੇਟਮ ਦਿਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਮੰਦਰ 'ਤੇ ਹਮਲਾ ਕਰਨ ਵਾਲੀ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਇਨ੍ਹਾਂ ਦੋ ਦਿਨਾਂ ਅਦੰਰ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸ਼ਿਵ ਸੈਨਾ ਵਲੋਂ ਮੁੜ ਤੋਂ ਧਰਨਾ ਲਗਾਇਆ ਜਾਵੇਗਾ।

ਦੱਸ ਦੇਈਏ ਕਿ ਅੱਜ ਹਿੰਦੂ ਸੰਗਠਨਾਂ ਵਲੋਂ ਬੰਦ ਦਾ ਸੱਦਾ ਦਿਤਾ ਗਿਆ ਸੀ। ਇਸ ਮੌਕੇ ਜਦੋਂ ਐਸ.ਐਸ.ਪੀ ਨਾਨਕ ਨੇ ਧਰਨਾ ਦੇ ਰਹੇ ਸ਼ਿਵ ਸੈਨਾ ਆਗੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਮੰਦਰ 'ਤੇ ਹਮਲਾ ਕਰਨ ਵਾਲੀ ਖ਼ਿਲਾਫ਼ ਹੋਣ ਵਾਲੀ ਕਾਰਵਾਈ ਦੀ ਤਸੱਲੀ ਦਿਤੀ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਹੈ।

ਉਨ੍ਹਾਂ ਕਿਹਾ ਕਿ ਮੰਦਰ 'ਤੇ ਹਮਲਾ ਕਰਨ ਤੋਂ ਪਹਿਲਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਮੀਟਿੰਗ ਹੋਈ ਅਤੇ ਉਸ ਤੋਂ ਬਾਅਦ ਇਹ ਹਮਲਾ ਕੀਤਾ ਗਿਆ ਹੈ ਜੋ ਬਹੁਤ ਹੀ ਨਿੰਦਣਯੋਗ ਹੈ। ਇਸ ਮਗਰੋਂ ਐਸ.ਐਸ.ਪੀ ਨਾਨਕ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਵਲੋਂ ਘੋਖ ਕੀਤੀ ਜਾ ਰਹੀ ਹੈ ਅਤੇ ਹਮਲੇ ਦੇ ਸਾਜ਼ੀਸ਼ਘਾੜਿਆਂ ਨੂੰ ਜ਼ਰੂਰ ਕਾਬੂ ਕੀਤਾ ਜਾਵੇਗਾ।

ਦੱਸ ਦੇਈਏ ਕਿ ਐਸ.ਐਸ.ਪੀ ਵਲੋਂ 48 ਘੰਟੇ ਦਾ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਵਲੋਂ ਭਰੋਸਾ ਦਿਵਾਉਣ ਮਗਰੋਂ ਧਰਨਾ ਖ਼ਤਮ ਕਰ ਦਿਤਾ ਗਿਆ ਹੈ। ਇਸ ਮੌਕੇ ਧਰਨਾ ਦੇ ਰਹੇ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਇਹ ਇਕ ਸਾਜ਼ਿਸ਼ ਦੇ ਤਹਿਤ ਹੋਇਆ ਹਮਲਾ ਹੈ ਜੋ ਹਿੰਦੂ ਸਿੱਖਾਂ ਵਿਚ ਪਾੜ ਪਾਉਣ ਦੀ ਨੀਅਤ ਨਾਲ ਕੀਤਾ ਗਿਆ ਸੀ। ਉਨ੍ਹਾਂ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਲੋਕਾਂ ਨੂੰ ਅਪੀਲ ਕੀਤੀ।