ਲੁਧਿਆਣਾ ਗੈਸ ਲੀਕ ਮਾਮਲਾ: ਕੁੱਲ 11 ਦੀ ਮੌਤ, 4 ਹਸਪਤਾਲ 'ਚ ਦਾਖਲ਼
ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਹੈ
ਲੁਧਿਆਣਾ - ਪੰਜਾਬ ਦੇ ਲੁਧਿਆਣਾ 'ਚ ਐਤਵਾਰ ਸਵੇਰੇ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 2 ਬੱਚਿਆਂ ਸਮੇਤ 5 ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ। ਬੱਚਿਆਂ ਦੀ ਉਮਰ 10 ਅਤੇ 13 ਸਾਲ ਹੈ। ਇਹ ਹਾਦਸਾ ਸਵੇਰੇ 7:15 ਵਜੇ ਸ਼ਹਿਰ ਦੇ ਗਿਆਸਪੁਰਾ ਇੰਡਸਟਰੀਅਲ ਏਰੀਆ ਨੇੜੇ ਇੱਕ ਇਮਾਰਤ ਵਿਚ ਬਣੇ ਦੁੱਧ ਦੇ ਬੂਥ ਵਿਚ ਵਾਪਰਿਆ। ਲੁਧਿਆਣਾ ਦੀ ਐਸਡੀਐਮ ਸਵਾਤੀ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ 12 ਲੋਕ ਬੇਹੋਸ਼ ਹੋ ਗਏ ਅਤੇ 4 ਲੋਕ ਹੁਣ ਵੀ ਹਸਪਤਾਲ ਵਿਚ ਦਾਖਲ ਹਨ।
ਘਟਨਾ ਤੋਂ ਬਾਅਦ ਮੈਡੀਕਲ, ਫਾਇਰ ਬ੍ਰਿਗੇਡ, ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ। ਬੀਮਾਰ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਇੱਥੋਂ ਦੀ ਵਿਧਾਇਕਾ ਰਜਿੰਦਰਪਾਲ ਕੌਰ ਨੇ ਦੱਸਿਆ ਕਿ ਇਮਾਰਤ ਵਿਚ ਦੁੱਧ ਦਾ ਬੂਥ ਖੁੱਲ੍ਹਾ ਸੀ ਅਤੇ ਜੋ ਵੀ ਸਵੇਰੇ ਦੁੱਧ ਲੈਣ ਲਈ ਇੱਥੇ ਗਿਆ ਉਹ ਬੇਹੋਸ਼ ਹੋ ਗਿਆ। ਪ੍ਰਸ਼ਾਸਨ ਨੇ ਇਮਾਰਤ ਦੇ ਆਲੇ-ਦੁਆਲੇ ਦੇ ਇੱਕ ਕਿਲੋਮੀਟਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ।
ਰਿਹਾਇਸ਼ੀ ਇਲਾਕੇ ਵਿਚ ਬਣੀ ਇਸ ਇਮਾਰਤ ਦੇ 300 ਮੀਟਰ ਦੇ ਘੇਰੇ ਅੰਦਰ ਕਈ ਲੋਕ ਬੇਹੋਸ਼ੀ ਦੀ ਹਾਲਤ ਵਿਚ ਪਾਏ ਗਏ ਹਨ। ਆਸ-ਪਾਸ ਦੇ ਘਰਾਂ ਅਤੇ ਢਾਬਿਆਂ ਦੇ ਲੋਕ ਵੀ ਬੇਹੋਸ਼ ਹੋ ਗਏ ਹਨ। ਪ੍ਰਸ਼ਾਸਨ ਨੇ ਡਰੋਨ ਦੀ ਮਦਦ ਨਾਲ ਆਸਪਾਸ ਦੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਚਲਾਈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਜਿਸ ਇਮਾਰਤ ਵਿੱਚ ਇਹ ਘਟਨਾ ਵਾਪਰੀ ਸੀ, ਉਸ ਤੋਂ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਲੁਧਿਆਣਾ ਦੇ ਗਿਆਸਪੁਰਾ 'ਚ ਫ਼ੈਕਟਰੀ ਦੀ ਗੈਸ ਲੀਕ ਦੀ ਘਟਨਾ ਬੇਹੱਦ ਦੁਖਦਾਇਕ ਹੈ, ਪੁਲਿਸ, ਪ੍ਰਸ਼ਾਸਨ ਅਤੇ NDRF ਟੀਮਾਂ ਮੌਕੇ 'ਤੇ ਮੌਜੂਦ ਹਨ। ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵੀ ਇਸ ਘਟਨਾ ਦੇ ਮ੍ਰਿਤਕਾਂ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਜ਼ਖਮੀਆਂ ਨੂੰ 50 ਹਜ਼ਾਰ ਦੀ ਸਹਾਇਤਾ ਦੇ ਨਾਲ-ਨਾਲ ਮੈਡੀਕਲ ਟ੍ਰੀਟਮੈਂਟ ਦਿੱਤਾ ਜਾਵੇਗਾ।