Amrita Warring: ਬਾਬੇ ਨਾਨਕ ਦੇ ਪੰਜੇ ਨਾਲ ਕਾਂਗਰਸ ਦੇ ਪੰਜੇ ਦੀ ਤੁਲਨਾ ਵਾਲੇ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮਾਫ਼ੀ 

ਏਜੰਸੀ

ਖ਼ਬਰਾਂ, ਪੰਜਾਬ

ਗੁਰੂ ਸਾਹਿਬ ਤੋਂ ਬਗੈਰ ਅਸੀਂ ਕੁੱਝ ਵੀ ਨਹੀਂ ਹਾਂ ਉਹ ਬਖਸ਼ਣਹਾਰ ਹੈ - ਅੰਮ੍ਰਿਤਾ ਵੜਿੰਗ

Amrita Warring

Amrita Warring: ਚੰਡੀਗੜ੍ਹ -  ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਤਨੀ ਅੰਮ੍ਰਿਤਾ ਵੜਿੰਗ ਨੇ ਅਪਣੇ ਪੰਜੇ ਵਾਲੇ ਬਿਆਨ ਨੂੰ ਲੈ ਕੇ ਮਾਫ਼ੀ ਮੰਗ ਲਈ ਹੈ। ਉਹਨਾਂ ਨੇ ਲਾਈਵ ਹੋ ਕੇ ਮਾਫ਼ੀ ਮੰਗੀ ਹੈ। ਉਨ੍ਹਾਂ ਕਿਹਾ, ''ਸਭ ਤੋਂ ਪਹਿਲਾਂ ਮੈਂ ਦੋਵੇਂ ਹੱਥ ਜੋੜ ਕੇ ਉਨ੍ਹਾਂ ਸਭ ਤੋਂ ਮੁਆਫ਼ੀ ਮੰਗਣਾ ਚਾਹੁੰਦੀ ਹਾਂ, ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਮੇਰੇ ਵੱਲੋਂ ਜਾਣੇ-ਅਣਜਾਣੇ ਵਿਚ ਦਿੱਤੇ ਬਿਆਨ ਨੂੰ ਲੈ ਕੇ ਠੇਸ ਪਹੁੰਚੀ ਹੈ।

ਗੁਰੂ ਸਾਹਿਬ ਤੋਂ ਬਗੈਰ ਅਸੀਂ ਕੁੱਝ ਵੀ ਨਹੀਂ ਹਾਂ ਉਹ ਬਖਸ਼ਣਹਾਰ ਹੈ। ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉਹ ਵਾਹਿਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਮੈਂ ਆਪ ਸਭ ਜੀ ਕੋਲੋਂ ਮੁਆਫ਼ੀ ਮੰਗਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ'' ਜ਼ਿਕਰਯੋਗ ਹੈ ਕਿ ਅੰਮ੍ਰਿਤਾ ਵੜਿੰਗ ਨੇ ਬੀਤੇ ਦਿਨ ਕਾਂਗਰਸ ਲਈ ਚੋਣ ਪ੍ਰਚਾਰ ਕਰਦਿਆਂ ਇੱਕ ਮੀਟਿੰਗ ਵਿਚ ਗੁਰੂ ਨਾਨਕ ਦੇਵ ਜੀ ਦੇ ਪੰਜੇ ਦੀ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਨਾਲ ਤੁਲਨਾ ਕੀਤੀ ਸੀ, ਜਿਸ ਕਾਰਨ ਸਿੱਖ ਕੌਮ 'ਚ ਭਾਰੀ ਰੋਸ ਹੈ। ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਉਹਨਾਂ ਨੂੰ ਮਾਫ਼ੀ ਮੰਗਣ ਲਈ ਕਿਹਾ ਸੀ ਤੇ ਅੱਜ ਅੰਮ੍ਰਿਤਾ ਵੜਿੰਗ ਨੇ ਲਾਈਵ ਹੋ ਕੇ ਮਾਫ਼ੀ ਮੰਗ ਲਈ ਹੈ।