Kaunke disappearance case: ਪੁਲਿਸ ਰਿਕਾਰਡ ਜਥੇਦਾਰ ਕਾਉਂਕੇ ਨੂੰ ਅੱਜ ਵੀ ਦੱਸ ਰਿਹਾ ਭਗੌੜਾ, ਕੀ ਹੈ ਮਾਮਲਾ? 

ਏਜੰਸੀ

ਖ਼ਬਰਾਂ, ਪੰਜਾਬ

ਹੁਣ 32 ਸਾਲਾਂ ਮਗਰੋਂ ਵੀ ਭਾਈ ਕਾਉਂਕੇ ਜਗਰਾਓਂ ਪੁਲਿਸ ਦੇ ਰਿਕਾਰਡ ਵਿਚ ਭਗੌੜੇ ਅਤੇ ਦਸ ਨੰਬਰੀਏ ਹਨ।

Gurdev Singh Kaunke

Kaunke disappearance case:  ਤਰਨ ਤਾਰਨ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਭਾਵੇਂ ਜਗਰਾਓਂ ਪੁਲਿਸ ਵਲੋਂ ਉਨ੍ਹਾਂ ਦੇ ਪਿੰਡ ਤੋਂ 25 ਦਸੰਬਰ 1992 ਨੂੰ ਲੋਕਾਂ ਦੀ ਹਾਜ਼ਰੀ ਵਿਚ ਚੁੱਕ ਕੇ ਕਈ ਦਿਨ ਹਿਰਾਸਤ ਵਿਚ ਤੇ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਪਰ ਪੰਜਾਬ ਪੁਲਿਸ ਦੇ ਰਿਕਾਰਡ ਵਿਚ ਅੱਜ ਵੀ ਉਨ੍ਹਾਂ ਨੂੰ ਭਗੌੜਾ, ਲੋੜੀਂਦਾ ਅਤੇ ਦਸ ਨੰਬਰੀਆ ਹੀ ਦਿਖਾਇਆ ਜਾ ਰਿਹਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਇਸ ਕੇਸ ਦੀ ਪੈਰਵੀ ਸ਼੍ਰੋਮਣੀ ਕਮੇਟੀ ਨੂੰ ਕਰਨ ਦੇ ਦਿੱਤੇ ਗਏ ਆਦੇਸ਼ ਤੋਂ ਬਾਅਦ ਕਾਉਂਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਲਈ ਦਰਖ਼ਾਸਤ ਵੀ ਦਿੱਤੀ ਗਈ ਸੀ, ਪਰ ਮੌਜੂਦਾ ਸਰਕਾਰ ਨੇ ਵੀ ਇਸ ਕੇਸ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ।

ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਨੇ ਪੰਜਾਬ ਪੁਲਿਸ ਵਲੋਂ ਮਿਤੀ 2 ਜਨਵਰੀ 1993 ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਜਾਣ ਸਮੇਂ ਹਿਰਾਸਤ ਵਿਚੋਂ ਭੱਜਣ ਦੀ ਖ਼ਬਰ ਨੂੰ ਝੁਠਲਾਉਂਦੇ ਹੋਏ ਸਾਲ 1999 ਵਿਚ ਪੰਜਾਬ ਸਰਕਾਰ ਨੂੰ ਰਿਪੋਰਟ ਸੌਂਪੀ ਸੀ ਪਰ ਬੀਪੀ ਤਿਵਾੜੀ ਦੀ ਰਿਪੋਰਟ 'ਤੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਬਜਾਏ ਉਸ ਸਮੇਂ ਦੇ ਡੀਜੀਪੀ ਸਰਬਜੀਤ ਸਿੰਘ ਨੂੰ ਰਿਪੋਰਟ 'ਤੇ ਦੁਬਾਰਾ ਵਿਚਾਰ ਕਰਨ ਲਈ ਭੇਜ ਦਿੱਤਾ ਸੀ। 

ਜਿਨ੍ਹਾਂ ਨੇ ਪੁਲਿਸ ਦੀ ਭਾਈ ਕਾਉਂਕੇ ਦੀ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕਾਰਵਾਈ ਨਾਲ ਸਹਿਮਤੀ ਪ੍ਰਗਟਾਈ। ਇਹ ਕੇਸ ਹਾਈਕੋਰਟ ਵਿਚ ਪਹੁੰਚਿਆ ਤਾਂ ਕਈ ਟੀਮਾਂ ਬਣਾ ਕੇ ਪੁਲਿਸ ਦੀ ਕਾਰਵਾਈ ਨੂੰ ਸੱਚ ਸਾਬਤ ਕਰਨ ਦੇ ਯਤਨ ਕੀਤੇ ਗਏ। ਹੁਣ 32 ਸਾਲਾਂ ਮਗਰੋਂ ਵੀ ਭਾਈ ਕਾਉਂਕੇ ਜਗਰਾਓਂ ਪੁਲਿਸ ਦੇ ਰਿਕਾਰਡ ਵਿਚ ਭਗੌੜੇ ਅਤੇ ਦਸ ਨੰਬਰੀਏ ਹਨ। ਭਾਵੇਂਕਿ ਪਰਿਵਾਰ ਵਲੋਂ ਇਸ ਸੰਬੰਧੀ ਮੁਕੱਦਮਾ ਦਰਜ ਕਰਨ ਲਈ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਪਰ ਮੌਜੂਦਾ ਸਰਕਾਰ ਵੀ ਇਸ ਕੇਸ ਵਿਚ ਦਿਲਚਸਪੀ ਨਹੀਂ ਦਿਖਾ ਰਹੀ।