Punjab News: ਰਾਜਾ ਵੜਿੰਗ ਨੇ ਪਤਨੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਕਹੀ ਵੱਡੀ ਗੱਲ, ਰਵਨੀਤ ਬਿੱਟੂ ਬਾਰੇ ਵੀ ਦਿੱਤਾ ਬਿਆਨ 

ਏਜੰਸੀ

ਖ਼ਬਰਾਂ, ਪੰਜਾਬ

ਜੇ ਬਿੱਟੂ ਜੀ ਇਕ ਵਾਰ ਆਨੰਦਪੁਰ ਸਾਹਿਬ ਤੋਂ ਚੋਣ ਲੜ ਸਕਦੇ ਹਨ ਤਾਂ ਮੈਂ ਲੁਧਿਆਣਾ ਤੋਂ ਕਿਉਂ ਨਹੀਂ ਲੜ ਸਕਦਾ।

Raja Warring

Punjab News: ਚੰਡੀਗੜ੍ਹ -  ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਪੰਜਾਬ ਕਾਂਗਰਸ ਵਿਚ ਕੁੱਝ ਪੁਰਾਣੇ ਸਾਥੀਆਂ ਨੇ ਮੁੜ ਤੋਂ ਪਾਰਟੀ ਵਿਚ ਵਾਪਸੀ ਕੀਤੀ ਹੈ ਤੇ ਭਰੋਸਾ ਜਤਾਇਆ ਹੈ ਕਿ ਉਹ ਪਾਰਟੀ ਦੇ ਉਮੀਦਵਾਰਾਂ ਦਾ ਚੋਣਾਂ ਵਿਚ ਪੂਰਾ ਸਾਥ ਦੇਣਗੇ। 
ਪ੍ਰੈਸ ਕਾਨਫਰੰਸ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਸ ਵਾਰ ਉਹਨਾਂ ਦੀ ਪਾਰਟੀ ਵੱਡੀ ਪਾਰਟੀ ਬਣ ਕੇ ਉੱਭਰੇਗੀ ਤੇ ਉਹਨਾਂ ਦੇ ਉਮੀਦਵਾਰ ਹੀ ਬਾਜ਼ੀ ਮਾਰਨਗੇ। 

ਆਪ ਉਮੀਦਵਾਰਾਂ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਪਾਰਟੀ ਨੇ ਜਿਹੜੇ ਮੈਂਬਰ ਚੁਣ ਕੇ ਪਹਿਲਾਂ ਭੇਜੇ ਸਨ, ਅੱਜ ਤੱਕ ਉਹਨਾਂ ਨੇ ਤਾਂ ਕੋਈ ਵਧੀਆ ਮੁੱਦਿਆਂ ਨੂੰ ਲੈ ਕੇ ਮੂੰਹ ਨਹੀਂ ਖੋਲਿਆ ਤੇ ਇਸ ਵਾਰ ਵੀ ਉਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਉਹਨਾਂ ਨੇ ਭਾਜਪਾ ਨੂੰ ਲੈ ਕੇ ਵੀ ਵੱਡੀ ਗੱਲ ਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਵੀ ਕੋਈ ਵਜੂਦ ਨਹੀਂ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਅੱਖਾਂ ਵਿਚ ਪੰਜਾਬੀ ਹਮੇਸ਼ਾ ਰੜਕਦੇ ਹਨ। 

ਇਸ ਦੇ ਨਾਲ ਹੀ ਜਦੋਂ ਰਾਜਾ ਵੜਿੰਗ ਨੂੰ ਦਲਵੀਰ ਗੋਲਡੀ ਦੀ ਪੋਸਟ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਦਲਵੀਰ ਗੋਲਡੀ ਦੀ ਪੋਸਟ ਬਾਰੇ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਜਦੋਂ ਅਸੀਂ ਉਹਨਾਂ ਨੂੰ ਮਿਲਣ ਗਏ ਤਾਂ ਉਹਨਾਂ ਨੇ ਸਾਡੇ ਸੰਗਰੂਰ ਦੇ ਉਮੀਦਵਾਰ ਖਹਿਰਾ 'ਤੇ ਭਰੋਸਾ ਜਤਾਇਆ ਸੀ, ਮੈਨੂੰ ਤਾਂ ਇਹੀ ਯਾਦ ਹੈ। ਛੋਟੀਆਂ-ਮੋਟੀਆਂ ਨਰਾਜ਼ਗੀਆਂ ਤਾਂ ਹੁੰਦੀਆਂ ਰਹਿੰਦੀਆਂ ਹਨ। ਗੋਲਡੀ ਦੇ ਅਗਲੇ ਪਲਾਨ ਬਾਰੇ ਵੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। 

ਇਕ ਪੱਤਰਕਾਰ ਨੇ ਉਹਨਾਂ ਨੂੰ ਪਤਨੀ ਵੱਲੋਂ ਪੰਜੇ ਦੇ ਨਿਸ਼ਾਨ ਨੂੰ ਲੈ ਕੇ ਸਵਾਲ ਕੀਤਾ, ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਬੋਲਦੇ ਹਾਂ ਤਾਂ ਕਦੇ-ਕਦੇ ਮੂੰਹ 'ਚੋਂ ਗੱਲ ਨਿਕਲ ਜਾਂਦੀ ਹੈ ਪਰ ਮੇਰੀ ਪਤਨੀ ਨੇ ਅਪਣੇ ਬਿਆਨ ਨੂੰ ਲੈ ਕੇ ਮਾਫ਼ੀ ਮੰਗ ਲਈ ਹੈ ਤੇ ਜੇ ਕਿਸੇ ਨੇ ਸ਼ਿਕਾਇਤ ਕਰਨੀ ਵੀ ਹੈ ਤਾਂ ਉਹ ਕਰ ਸਕਦਾ ਹੈ। 
ਰਵਨੀਤ ਬਿੱਟੂ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਕੋਈ ਹਲਕਾ ਨਹੀਂ ਚੁਣਿਆ, ਹਾਈਕਮਾਨ ਨੇ ਜੋ ਫ਼ੈਸਲਾ ਲਿਆ ਮੈਂ ਉਸ ਦਾ ਸਤਿਕਾਰ ਕੀਤਾ। ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਜੋ ਧੋਖਾ ਪਾਰਟੀ ਨੂੰ ਦਿੱਤਾ ਹੈ, ਉਸ ਦੇ ਖਿਲਾਫ ਚੋਣ ਲੜ ਕੇ ਤੇ ਹਰਾ ਕੇ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਤਾਂ ਜੋ ਕੋਈ ਧੋਖਾ ਨਾ ਕਰੇ। 

ਰਾਜਾ ਵੜਿੰਗ ਨੇ ਕਿਹਾ ਕਿ ਜੇ ਬਿੱਟੂ ਜੀ ਇਕ ਵਾਰ ਆਨੰਦਪੁਰ ਸਾਹਿਬ ਤੋਂ ਚੋਣ ਲੜ ਸਕਦੇ ਹਨ ਤਾਂ ਮੈਂ ਲੁਧਿਆਣਾ ਤੋਂ ਕਿਉਂ ਨਹੀਂ ਲੜ ਸਕਦਾ। ਰਾਜਾ ਵੜਿੰਗ ਨੇ ਨਵਜੋਤ ਸਿੱਧੂ ਬਾਰੇ ਕਿਹਾ ਕਿ ਉਹ ਸੀਨੀਅਰ ਨੇਤਾ ਹਨ, ਇਸ ਵਕਤ ਆਈਪੀਐੱਲ 'ਚ ਮਸ਼ਰੂਫ ਹਨ ਤੇ ਆਪਣੇ ਫ਼ੈਸਲੇ ਖ਼ੁਦ ਲੈਂਦੇ ਹਨ, ਪਰ ਸਾਡਾ ਕਿਸੇ ਨਾਲ ਕੋਈ ਮਤਭੇਦ ਨਹੀਂ ਹੈ। 

ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2 ਸਾਲ ਪਹਿਲਾਂ ਜੋ ਭੁੱਲ ਕੀਤੀ ਉਹ ਹੁਣ ਠੀਕ ਕਰਨ ਦਾ ਸਮਾਂ ਹੈ। ਆਪ ਸਰਕਾਰ ਨੇ ਜੋ ਕੁੱਝ ਕਿਹਾ ਹਮੇਸ਼ਾ ਉਸ ਤੋਂ ਉਲਟ ਕੀਤਾ। ਭਗਵੰਤ ਮਾਨ ਇਸ ਵਾਰ 13-0 ਦੀ ਗੱਲ ਕਰਦੇ ਹਨ ਪਰ ਤਿੰਨ ਮਹੀਨਿਆਂ 'ਚ ਸੰਗਰੂਰ ਨੇ ਉਨ੍ਹਾਂ ਨੂੰ ਮਾਂਝ ਕੇ ਰੱਖ ਦਿੱਤਾ। ਉਹਨਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਦੀ ਸੰਗਰੂਰ ਤੋਂ ਵੱਡੀ ਜਿੱਤ ਹੋਵੇਗੀ। 

ਬਾਪੂ ਬਲਕੌਰ ਸਿੰਘ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਦੱਸਿਆ ਕਿ ਬਲਕੌਰ ਸਿੰਘ ਨੇ ਚੋਣ ਨਾ ਲੜ੍ਹਨ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾ ਕੇ ਰਹਿਣਗੇ ਤੇ ਚੋਣ ਪ੍ਰਚਾਰ ਦੌਰਾਨ ਸਿੱਧੂ ਮੂਸੇਵਾਲਾ ਦਾ ਮੁੱਦਾ ਜ਼ਰੂਰ ਚੁੱਕਣਗੇ। ਉਹਨਾਂ ਨੇ 2027 'ਚ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਆਉਂਦੇ ਸਾਰ ਹੀ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਦਾ ਪਰਦਾਫਾਸ਼ ਕਰਨ ਦਾ ਭਰੋਸਾ ਦਿਵਾਇਆ।