ਫ਼ੈਕਟਰੀਆਂ ਨੂੰ ਨਿਸ਼ਾਨਾ ਬਣਾ ਕੇ ਭਾਰੀ ਮਾਤਰਾ 'ਚ ਧਾਗਾ ਲੁੱਟਣ ਵਾਲਾ ਗਰੋਹ ਕਾਬੂ
ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਕ ਅਜਿਹੇ ਗਰੋਹ ਨੂੰ ਕਾਬੂ ਕੀਤਾ ਹੈ ਜੋ ਰਾਤ ਸਮੇਂ ਫ਼ੈਕਟਰੀਆਂ ਨੂੰ ਨਿਸ਼ਾਨਾ ਬਣਾ ਕੇ ਅੰਦਰ ਦਾਖ਼ਲ ਹੁੰਦੇ ਤੇ ਸਕਿਓਰਿਟੀ ...
ਲੁਧਿਆਣਾ, ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਕ ਅਜਿਹੇ ਗਰੋਹ ਨੂੰ ਕਾਬੂ ਕੀਤਾ ਹੈ ਜੋ ਰਾਤ ਸਮੇਂ ਫ਼ੈਕਟਰੀਆਂ ਨੂੰ ਨਿਸ਼ਾਨਾ ਬਣਾ ਕੇ ਅੰਦਰ ਦਾਖ਼ਲ ਹੁੰਦੇ ਤੇ ਸਕਿਓਰਿਟੀ ਗਾਰਡਾਂ ਨੂੰ ਬੰਧਕ ਬਣਾਉਣ ਤੋਂ ਬਾਅਦ ਅੰਦਰੋਂ ਹਜ਼ਾਰਾਂ ਕਿਲੋ ਕੀਮਤੀ ਧਾਗਾ ਲੁੱਟ ਲੈਂਦੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਧਾਗਾ ਟੈਂਪੂ ਵਿਚ ਲੋਡ ਕਰ ਕੇ ਫ਼ਰਾਰ ਹੋ ਜਾਂਦੇ । ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁਟਿਆ ਗਿਆ ਤਿੰਨ ਹਜ਼ਾਰ ਕਿਲੋ ਧਾਗਾ, ਟੈਂਪੂ ਅਤੇ ਕਮਾਨੀਦਾਰ ਚਾਕੂ ਵੀ ਬਰਾਮਦ ਕੀਤਾ ਹੈ।
ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਗਰੋਹ ਦੇ ਲੀਡਰ ਨਿਊ ਪ੍ਰੀਤ ਨਗਰ ਟਿੱਬਾ ਰੋਡ ਦੇ ਵਾਸੀ ਸਾਜਮੀ, ਸਹਾਰਨਪੁਰ ਦੇ ਰਹਿਣ ਵਾਲੇ ਮੁਹੰਮਦ ਅਫ਼ਜ਼ਲ ਉਰਫ਼ ਇਕਬਾਲ, ਟਿੱਬਾ ਰੋਡ ਦੇ ਵਾਸੀ ਨਦੀਮ ਮੁਹੰਮਦ ਸੋਨੂੰ ਉਰਫ਼ ਸੋਨੂੰ, ਮੁਹੰਮਦ ਮੁਬਾਰਕ, ਦੀਪਕ ਸ਼ਰਮਾ ਅਤੇ ਗੁਰਮੀਤ ਸਿੰਘ ਸੋਨੀ ਵਜੋਂ ਹੋਈ ਹੈ।ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਤੇ ਡੀਸੀਪੀ ਕ੍ਰਾਈਮ ਗਗਨਅਜੀਤ ਸਿੰਘ ਨੇ ਦਸਿਆ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਇਕ ਸੂਚਨਾ ਮਿਲੀ ਕਿ ਇਹ ਪੂਰਾ ਗਰੋਹ ਲੰਬੇ ਸਮੇਂ ਤੋਂ ਫ਼ੈਕਟਰੀਆਂ ਨੂੰ ਨਿਸ਼ਾਨਾ ਬਣਾ ਕੇ ਅੰਦਰੋਂ ਕੀਮਤੀ ਧਾਗਾ ਲੁੱਟਦਾ ਹੈ।
ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਰਾਹੋਂ ਰੋਡ 'ਤੇ ਨਾਕਾਬੰਦੀ ਕਰ ਕੇ ਮੁਲਜ਼ਮਾਂ ਨੂੰ ਟੈਂਪੂ ਸਮੇਤ ਰੋਕਿਆ ਤੇ ਤਲਾਸ਼ੀ ਦੌਰਾਨ ਟੈਂਪੂ 'ਚੋਂ ਤਿੰਨ ਹਜ਼ਾਰ ਕਿਲੋ ਧਾਗਾ ਬਰਾਮਦ ਹੋਇਆ। ਪੁਲਿਸ ਨੇ ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਇਕ ਦਾਤ ਤੇ ਇਕ ਕਮਾਨੀਦਾਰ ਚਾਕੂ ਵੀ ਬਰਾਮਦ ਕੀਤਾ । ਕਾਬੂ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੁਲਜ਼ਮਾਂ ਨੇ ਸ਼ਹਿਰ ਵਿਚ ਅਣਗਿਣਤ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ। ਮੁਲਜ਼ਮਾਂ ਵਿਰੁਧ ਦਰਜਨ ਤੋਂ ਵੱਧ ਮੁਕੱਦਮੇ ਦਰਜ ਹਨ। ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦਸਿਆ ਕਿ ਇਸ ਪੂਰੇ ਗਰੋਹ ਕੋਲੋਂ ਵਧੇਰੇ ਪੁਛਗਿਛ ਕੀਤੀ ਜਾ ਰਹੀ ਹੈ।
ਡੀਸੀਪੀ ਕ੍ਰਾਈਮ ਗਗਨ ਅਜੀਤ ਸਿੰਘ ਨੇ ਦਸਿਆ ਕਿ ਇਸ ਗਰੋਹ ਦੇ ਤਿੰਨ ਮੈਂਬਰ ਅਜੇ ਕਾਬੂ ਕਰਨੇ ਬਾਕੀ ਹਨ। ਗਰੋਹ ਦੇ ਫ਼ਰਾਰ ਮੈਂਬਰਾਂ ਦੀ ਪਛਾਣ ਟਿੱਬਾ ਰੋਡ ਵਾਸੀ ਆਰਿਫ਼ ਮੁਹੰਮਦ, ਸਲੀਮ ਬੰਗੜ ਅਤੇ ਮੁਹੰਮਦ ਗੁਲਜ਼ਾਰ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਨੇ ਦਸਿਆ ਕਿ ਮੁਹੰਮਦ ਅਫ਼ਸਰ ਥਾਣਾ ਸਲੇਮਟਾਬਰੀ, ਥਾਣਾ ਜਮਾਲਪੁਰ ਅਤੇ ਥਾਣਾ ਮੇਹਰਬਾਨ ਦੇ ਚਾਰ ਮੁਕੱਦਮਿਆਂ 'ਚੋਂ ਭਗੌੜਾ ਚਲਿਆ ਰਿਹਾ ਸੀ।
ਇਸੇ ਤਰ੍ਹਾਂ ਸਾਜਮੀ ਥਾਣਾ ਸਲੇਮ ਟਾਬਰੀ, ਥਾਣਾ ਜਮਾਲਪੁਰ ਅਤੇ ਥਾਣਾ ਮੇਹਰਬਾਨ ਦੇ ਤਿੰਨ ਮੁਕੱਦਮੇ ਵਜੋਂ ਭਗੌੜਾ ਕਰਾਰ ਦਿਤਾ ਗਿਆ ਸੀ। ਇਸੇ ਤਰ੍ਹਾਂ ਮੁਹੰਮਦ ਸੋਨੂੰ ਵਿਰੁਧ ਸੋਨੂੰ ਅਤੇ ਮੁਬਾਰਕ ਵਿਰੁਧ ਥਾਣਾ ਜੋਧੇਵਾਲ ਬਸਤੀ 'ਚ ਇਕ ਮੁਕੱਦਮਾ ਦਰਜ ਹੈ।