ਐਸ.ਆਈ.ਟੀ. ਦੀ ਚਾਰਜਸ਼ੀਟ ਵਿਚ ਨਾਮ ਆਉਣ 'ਤੇ ਬਾਦਲਾਂ ਦੇ ਚਿਹਰੇ ਤੋਂ ਪੰਥਕ ਮਖੌਟਾ ਉਤਰਿਆ : ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਸੁਖਬੀਰ ਬਾਦਲ ਸੰਸਦ ਮੈਂਬਰੀ ਅਤੇ ਪਾਰਟੀ ਪ੍ਰਧਾਨਗੀ ਦੋਵਾਂ ਅਹੁਦਿਆਂ ਤੋਂ ਅਸਤੀਫ਼ਾ ਦੇਵੇ'

Panthic mask off Badal’s faces after SIT named them in chargesheet: Sukhjinder Singh Randhawa

ਚੰਡੀਗੜ੍ਹ : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵੱਲੋਂ ਦਾਇਰ ਕੀਤੀ ਚਾਰਜਸ਼ੀਟ ਵਿਚ ਅਕਾਲੀ ਦਲ ਦੇ ਪ੍ਰਧਾਨ ਅਤੇ ਤੱਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਮ ਆਉਣ 'ਤੇ ਪ੍ਰਤੀਕਿਰਿਆਂ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਾਦਲਾਂ ਦੇ ਚਿਹਰੇ ਤੋਂ ਪੰਥਕ ਮਖੌਟਾ ਉਤਰ ਗਿਆ ਹੈ ਅਤੇ ਹੁਣ ਬਾਦਲ ਪਰਿਵਾਰ ਨੂੰ ਰਾਜਨੀਤੀ ਤੋਂ ਲਾਂਭੇ ਹੋ ਕੇ ਘਰ ਬੈਠ ਜਾਣਾ ਚਾਹੀਦਾ ਹੈ।

ਇਕ ਪ੍ਰੈਸ ਬਿਆਨ 'ਚ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਨੂੰ ਸੰਸਦ ਮੈਂਬਰੀ ਅਤੇ ਪਾਰਟੀ ਦੀ ਪ੍ਰਧਾਨਗੀ ਦੋਵਾਂ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਐਸ.ਆਈ.ਟੀ. ਦੀ ਚਾਰਜਸ਼ੀਟ ਨੇ ਵੀ ਇਹ ਸਿੱਧ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਸ.ਆਈ.ਟੀ. ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਖੁਲਾਸਿਆਂ ਤੋਂ ਬਾਅਦ ਕੋਈ ਵੀ ਸੱਚਾ ਸਿੱਖ ਬਾਦਲਾਂ ਦੇ ਨਾਲ ਜੁੜਨਾ ਪਸੰਦ ਨਹੀਂ ਕਰਦਾ ਕਿਉਂਕਿ ਆਪਣੇ ਰਾਜਸੀ ਹਿੱਤਾਂ ਲਈ ਬਾਦਲਾਂ ਨੇ ਧਰਮ ਅਤੇ ਸਿੱਖ ਕੌਮ ਨੂੰ ਵਰਤਿਆ ਹੈ।

ਸ. ਰੰਧਾਵਾ ਨੇ ਕਿਹਾ ਕਿ ਬਾਦਲਾਂ ਨੇ ਡੇਰਾ ਸਿਰਸਾ ਨਾਲ ਮਿਲ ਕੇ ਸਿੱਖ ਕੌਮ ਤੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ ਸਮੁੱਚੀ ਸਿੱਖ ਕੌਮ ਬਾਦਲਾਂ ਨੂੰ ਕੀਤੇ ਇਸ ਬੱਜਰ ਗੁਨਾਹ ਲਈ ਕਦੇ ਵੀ ਮਾਫ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਪੰਥ ਨਾਲ ਕੀਤੀ ਗੱਦਾਰੀ ਹੁਣ ਜੱਗ ਜ਼ਾਹਰ ਹੋ ਗਈ ਅਤੇ ਬਾਦਲ ਪਰਿਵਾਰ ਨੂੰ ਰਾਜਨੀਤੀ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਰਿਹਾ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਇਹ ਕਹਿੰਦਿਆਂ ਸ਼ਰਮ ਆਉਣੀ ਚਾਹੀਦੀ ਹੈ ਕਿ ਬੇਅਦਬੀ ਕੋਈ ਮੁੱਦਾ ਨਹੀਂ ਰਿਹਾ ਅਤੇ ਬੇਅਦਬੀ ਦਾ ਦਾਗ਼ ਹੋਣ ਧੋਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਪੰਜਾਬੀ ਬਾਦਲਾਂ ਨੂੰ ਕਦੇ ਵੀ ਇਨ੍ਹਾਂ ਘਿਨਾਉਣੇ ਕੰਮਾਂ ਲਈ ਮਾਫ਼ ਨਹੀਂ ਕਰਨਗੇ। ਇਹ ਬਾਦਲਾਂ ਦੇ ਕੀਤੇ ਹੋਏ ਪਾਪ ਹੀ ਹਨ ਕਿ ਵਿਧਾਨ ਸਭਾ ਵਿਚ ਉਹ 14 ਮੈਂਬਰਾਂ ਅਤੇ ਲੋਕ ਸਭਾ ਵਿਚ 2 ਮੈਂਬਰਾਂ ਤੱਕ ਸਿਮਟ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲਾਂ ਦੇ ਕਬਜ਼ੇ ਹੇਠ ਇਤਿਹਾਸ ਦੇ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।