ਡਰਬੀ 'ਚ ਗੁਰਦਵਾਰਾ ਸਾਹਿਬ 'ਤੇ ਹੋਇਆ ਹਮਲਾ ਮੰਦਭਾਗਾ: ਗੁਰਮਿੰਦਰ ਸਿੰਘ ਮਠਾਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਵਾਰਾ ਕਮੇਟੀਆਂ ਵਿਦੇਸ਼ੀਆਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਮੁਹਿੰਮ ਆਰੰਭਣ

ਡਰਬੀ 'ਚ ਗੁਰਦਵਾਰਾ ਸਾਹਿਬ 'ਤੇ ਹੋਇਆ ਹਮਲਾ ਮੰਦਭਾਗਾ: ਗੁਰਮਿੰਦਰ ਸਿੰਘ ਮਠਾਰੂ

ਨਵੀਂ ਦਿੱਲੀ, 29 ਮਈ (ਸੁਖਰਾਜ ਸਿੰਘ): ਕੋਰੋਨਾ ਵਾਇਰਸ ਮਹਾਂਮਾਰੀ ਨਾਲ ਅੱਜ ਜਿੱਥੇ ਸਮੁਚਾ ਸੰਸਾਰ ਭਰ ਜੂਝ ਰਿਹਾ ਹੈ, ਉੱਥੇ ਹੀ ਕੋਰੋਨਾ ਮਹਾਂਮਾਰੀ ਚਲਦਿਆਂ ਦੇਸ਼ ਤੇ ਵਿਦੇਸਾਂ ਵਿਚ ਗੁਰਦਵਾਰਾ ਸਾਹਿਬਾਨਾਂ ਤੋਂ ਲੋੜਵੰਦਾਂ ਲਈ ਵੱਖ-ਵੱਖ ਥਾਵਾਂ 'ਤੇ ਲੰਗਰ ਤਿਆਰ ਕਰਕੇ ਪਹੁੰਚਾਉਣ ਦੀ ਸੇਵਾ ਸਿੱਖ ਕੌਮ ਕਰ ਰਹੀ ਹੈ ਅਜਿਹੇ ਸਮੇਂ ਵਿੱਚ ਗੁਰੂਘਰ ਵਿਚ ਦਾਖਲ ਹੋ ਕੇ ਕਿਸੇ ਸ਼ਰਾਰਤੀ ਅਨਸਰ ਵਲੋਂ ਭੰਨਤੋੜ ਕਰਨੀ ਬਹੁਤ ਹੀ ਮੰਦਭਾਗੀ ਘਟਨਾ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਦਿੱਲੀ ਤੋਂ ਨਾਮਜਦ ਮੈਂਬਰ ਅਤੇ ਉੱਘੇ ਉਦਯੋਗਪਤੀ ਗੁਰਮਿੰਦਰ ਸਿੰਘ ਮਠਾਰੂ ਨੇ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਅਤੇ ਸ਼ਾਂਤੀ ਦੇ ਪੁੰਜ ਸਿੱਖਾਂ ਦੇ ਪੰਜਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਹੀ ਇੰਗਲੈਂਡ ਦੇ ਡਰਬੀ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਉਪਰ ਬਣੇ ਗੁਰਦਵਾਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਸਖਤ ਸ਼ਬਦਾਂ ਵਿਚ ਅਸੀਂ ਨਿੰਦਾ ਕਰਦੇ ਹਾਂ।

ਉਨ੍ਹਾਂ ਨੇ ਇੰਗਲੈਂਡ ਦੀਆਂ ਸਮੁੰਹ ਗੁਰਦਵਾਰਾ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸਲੀ ਹਮਲਿਆਂ ਦਾ ਇਕਠੇ ਹੋ ਕੇ ਡੱਟ ਕੇ ਮੁਕਬਲਾ ਕਰਨ ਅਤੇ ਸਿੱਖੀ ਸਿਧਾਤਾਂ ਅਤੇ ਸਿੱਖਾਂ ਦੀ ਪਹਿਚਾਣ ਬਾਬਤ ਨਾ ਕੇਵਲ ਸਿੱਖਾਂ ਸਗੋਂ ਗੈਰ ਸਿਖਾਂ ਨੂੰ ਵੀ ਜਾਣੂ ਕਰਵਾਉਣ ਲਈ ਜਲਦ ਤੋਂ ਜਲਦ ਇਕ ਵਿਸ਼ੇਸ਼ ਮੁਹਿੰਮ ਵਿਢਣ ।

ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਸਾਰੇ ਵਿਦੇਸ਼ੀਆਂ ਨੂੰ ਸਿੱਖਾਂ ਦੇ ਗੋਰਵਮਈ ਤੇ ਮਾਣਮੱਤੇ ਇਤਿਹਾਸ ਬਾਰੇ ਅਤੇ ਜਦੋਂ ਵੀ ਕਿਸੇ ਦੇਸ਼ ਵਿਚ ਕੁਦਰਤੀ ਆਪਦਾ ਆਈ ਹੈ ਤੇ ਸਿੱਖ ਕੌਮ ਵਲੋਂ ਮਨੁਖਤਾ ਦੀ ਭਲਾਈ ਲਈ ਸਮੇਂ-ਸਮੇਂ ਕੀਤੇ ਜਾਂਦੇ ਕਾਰਜਾਂ ਸਬੰਧੀ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾ ਨੂੰ ਦੱਸਿਆ ਜਾਵੇ ਤਾਂ ਕਿ ਭਵਿੱਖ ਵਿਚ ਅਜਿਹੀ ਘਿਨਾਉਣੀ ਘਟਨਾ ਨਾ ਵਾਪਰੇ ਅਤੇ ਗੁਰਦਵਾਰਾ ਸਾਹਿਬਾਨਾਂ ਦੇ ਭੰਨਤੋੜ ਵਾਲੇ ਨਸਲੀ ਹਮਲੇ ਨਾ ਹੋ ਸਕਣ।

ਸ. ਮਠਾਰੂ ਨੇ ਕਿਹਾ ਕਿ ਇਸ ਘਟਨਾ ਨਾਲ ਵਿਸ਼ਵ ਭਰ ਵਿਚ ਵਸਦੇ ਸਿੱਖਾਂ ਦੇ ਮੰਨਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ।