ਕੋਰੋਨਾ ਕਾਰਨ ਚੀਨ ਤੋਂ ਉਦਯੋਗ ਬਾਹਰ ਕੱਢਣ ਲਈ ਰਾਹ ਵੇਖ ਰਹੀਆਂ ਕੰਪਨੀਆਂ ਤੋਂ ਉਮੀਦਾਂ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, 78 ਫ਼ੀ ਸਦੀ ਸਨਅਤਾਂ ਦਾ ਮੁੜ ਚਾਲੂ ਹੋਣਾ ਤੇ 68 ਫ਼ੀ ਸਦੀ ਮਜ਼ਦੂਰਾਂ ਦਾ ਵਾਪਸ ਰੁਕਣਾ ਸੂਬੇ ਦੇ ਅਰਥਚਾਰੇ ਦੀ ਪੁਨਰ ਸੁਰਜੀਤੀ ਲਈ ਚੰਗਾ ਸੰਕੇਤ

captain amrinder singh

ਚੰਡੀਗੜ੍ਹ, 29 ਮਈ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਦਯੋਗਪਤੀਆਂ ਨੂੰ ਅਗਲੇ ਕੁੱਝ ਦਿਨਾਂ ਵਿਚ ਉਦਯੋਗਾਂ ਦੇ 100 ਫ਼ੀ ਸਦੀ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਤਾ। ਇਸ ਦੇ ਨਾਲ ਹੀ ਉਨ੍ਹਾਂ ਦਸਿਆ ਕਿ ਚੀਨ ਤੋਂ ਉਦਯੋਗ ਬਾਹਰ ਲਿਜਾਣ ਬਾਰੇ ਰਾਹ ਵੇਖ ਰਹੀਆਂ ਕੰਪਨੀਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਉਨ੍ਹਾਂ ਕੋਲ ਅੱਗੇ ਵਧਣ ਦੇ ਵੱਡੇ ਮੌਕੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਉਦਯੋਗਿਕ ਇਕਾਈਆਂ ਸਥਾਪਤ ਕਰਨ ਅਤੇ ਨਿਵੇਸ਼ ਕਰਨ ਲਈ ਸੱਦਾ ਦੇਣ ਵਾਸਤੇ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਕਈ ਮੁਲਕਾਂ ਦੇ ਸੰਪਰਕ ਵਿਚ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸੂਬਾ ਚੀਨ ਤੋਂ ਬਾਹਰ ਜਾਣ ਵਾਲੇ ਬਹੁਤ ਸਾਰੇ ਉਦਯੋਗਾਂ ਨੂੰ ਆਕਰਸ਼ਿਤ ਕਰਨ ਦੇ ਯੋਗ ਹੋਵੇਗਾ।

ਤਾਲਾਬੰਦੀ ਉਪਰੰਤ ਸੂਬੇ ਦੀ ਆਰਥਿਕਤਾ ਦੀ ਪੁਨਰ ਸੁਰਜੀਤੀ ਲਈ ਸਨਅਤਕਾਰਾਂ ਦੇ ਸੁਝਾਵਾਂ ਨੂੰ ਧਿਆਨ ਵਿਚ ਰਖਣ ਦਾ ਵਾਅਦਾ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਵਿਕਾਸ ਵਿੱਚ ਉਦਯੋਗਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਅਤੇ ਇਨ੍ਹਾਂ ਔਖੇ ਸਮਿਆਂ ਵਿਚ ਵੀ ਆਮ ਕਾਰੋਬਾਰ ਨੂੰ ਬਹਾਲ ਕਰਨ ਲਈ ਉਨ੍ਹਾਂ ਦੇ ਨਿਰੰਤਰ ਯਤਨਾਂ ਦਾ ਵੀ ਜ਼ਿਕਰ ਕੀਤਾ।

ਤਾਲਾਬੰਦੀ ਉਪਰੰਤ ਪੰਜਾਬ ਦੇ ਅਰਥਚਾਰੇ ਦੀ ਮੁੜ ਸੁਰਜੀਤੀ ਲਈ ਕਾਰਜ ਯੋਜਨਾ ਬਾਰੇ ਵੀਡੀਉ ਕਾਨਫਰੰਸਿੰਗ ਦੌਰਾਨ ਸਨਅਤੀ ਵਡੇਰਿਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਮਹਾਂਮਾਰੀ ਦਰਮਿਆਨ ਅਤੇ ਕੋਰੋਨਾਵਾਇਰਸ ਦੇ ਫੈਲਾਅ ਦੀ ਰੋਕਥਾਮ ਲਈ ਵੱਖ-ਵੱਖ ਬੰਦਸ਼ਾਂ ਦੀਆਂ ਮੁਸ਼ਕਲਾਂ ਦੇ ਬਾਵਜੂਦ ਉਦਯੋਗਿਕ ਗਤੀਵਿਧੀਆਂ ਮੁੜ ਸ਼ੁਰੂ ਕਰਨ ਲਈ ਉਨ੍ਹਾਂ ਦਾ ਧਨਵਾਦ ਕੀਤਾ।

ਮੁੱਖ ਮੰਤਰੀ ਨੇ ਦੱਸਿਆ ਕਿ 78 ਫੀਸਦੀ ਉਦਯੋਗਿਕ ਗਤੀਵਿਧੀਆਂ ਬਹਾਲ ਹੋ ਚੁੱਕੀਆਂ ਹਨ ਅਤੇ 68 ਫੀਸਦੀ ਪਰਵਾਸੀ ਮਜ਼ਦੂਰਾਂ ਦੇ ਇਥੇ ਹੀ ਰੁਕਣ ਦਾ ਫੈਸਲਾ ਲਿਆ ਹੈ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦਸਿਆ ਕਿ ਵੱਡੀ ਗਿਣਤੀ ਵਿਚ ਕਾਮਿਆਂ ਨੇ ਪੰਜਾਬ ਵਿਚ ਹੀ ਰੁਕਣ ਦਾ ਫੈਸਲਾ ਲਿਆ ਹੈ ਅਤੇ ਇਸ ਤੋਂ ਇਲਾਵਾ ਕਾਰਜਸ਼ੀਲ ਹੋਣ ਵਾਲੇ ਉਦਯੋਗ ਯੂਨਿਟਾਂ ਦੀ ਗਿਣਤੀ ਵਧਣ ਕਾਰਨ ਹੋਰ ਵੀ ਬਹੁਤ ਸਾਰੇ ਵਾਪਸ ਮਜ਼ਦੂਰ ਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਅਜਿਹੇ ਪਰਵਾਸੀ ਮਜ਼ਦੂਰਾਂ ਨੂੰ ਲਿਆਉਣ ਲਈ ਰੇਲ ਗੱਡੀਆਂ ਦਾ ਪ੍ਰਬੰਧ ਕਰਨ ਵਾਸਤੇ ਸੂਬਾ ਸਰਕਾਰ ਨੇ ਪੱਤਰ ਲਿਖ ਕੇ ਕੇਂਦਰ ਸਰਕਾਰ ਕੋਲ ਪਹੁੰਚ ਕਰਨ ਦੀ ਯੋਜਨਾ ਬਣਾਈ ਹੈ।