ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਸਾੜੇ ਸਰਕਾਰ ਦੇ ਪੁਤਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਸਾੜੇ ਸਰਕਾਰ ਦੇ ਪੁਤਲੇ

ਸਰਕਾਰ ਦੀਆਂ ਅਰਥੀਆਂ ਫੂਕਦੇ ਹੋਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਰਕਰ। ਸੰਜੂ

ਮੰਡੀ ਲੱਖੇਵਾਲੀ, 30 ਮਈ (ਸੁਖਵਿੰਦਰ ਬਰਾੜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਵਲੋਂ ਸੂਬਾ ਕਮੇਟੀਆਂ ਦੇ ਸੱਦੇ ਉਤੇ ਕੋਰੋਨਾ ਪਾਜ਼ੇਟਿਵ ਰੀਪੋਰਟਾਂ ਵਾਲੇ, ਪਰ ਬਾਹਰੀ ਲੱਛਣ ਨਾ ਦਿਖਾਉਣ ਵਾਲੇ ਰੋਗੀਆਂ ਨੂੰ ਹਸਪਤਾਲਾਂ ਵਿਚੋਂ ਕੱਢ ਕੇ ਘਰੇ ਭੇਜਣ ਦੀ ਸਰਕਾਰੀ ਨੀਤੀ ਤੋਂ ਖਫ਼ਾ ਹੋਏ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਲੋਂ ਸਰਕਾਰ ਉਤੇ ਗਿਣਮਿਥ ਕੇ ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਦਾ ਦੋਸ਼ ਲਗਾਉਂਦਿਆਂ, ਅੱਜ ਪਿੰਡ ਖੁੰਡੇ ਹਲਾਲ ਅਤੇ ਭਾਗਸਰ ਵਿਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ।


  ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਤਰਸੇਮ ਸਿੰਘ ਖੁੰਡੇ ਅਤੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ, ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਭਾਗਸਰ, ਹਰਫੂਲ ਸਿੰਘ ਭਾਗਸਰ, ਮੈਡੀਕਲ ਪ੍ਰੈਕਟੀਨਸ਼ਰ ਐਸੋਸ਼ੀਏਸ਼ਨ ਬਲਾਕ ਲੱਖੇਵਾਲੀ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਭਾਗਸਰ ਨੇ ਆਖਿਆ ਕਿ ਸਰਕਾਰ ਕਰੋਨਾ ਪੀੜਤਾਂ ਦੇ ਇਲਾਜ ਤੇ ਸਾਂਭ ਸੰਭਾਲ ਦੀ ਅਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਪਾਜ਼ੇਟਿਵ ਪਾਏ ਗਏ ਰੋਗੀਆਂ ਨੂੰ ਘਰੀ ਤੋਰ ਕੇ ਪਿੰਡਾਂ ਤੇ ਸਮਾਜ ਵਿਚ ਕੋਰੋਨਾ ਦੀ ਲਾਗ ਵੱਡੇ ਪੱਧਰ ਉਤੇ ਫੈਲਾਉਣ ਦਾ ਕੁਕਰਮ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਕਾਂ ਨੂੰ ਕੋਈ ਮੋਹਲਤ ਦਿੱਤੇ ਬਿਨਾਂ ਹੀ ਇਕਦਮ ਤਾਲਾਬੰਦੀ ਅਤੇ ਕਰਫ਼ਿਊ ਮੜ੍ਹ ਕੇ ਸਰਕਾਰਾਂ ਨੇ ਕਰੋੜਾਂ ਲੋਕਾਂ ਨੂੰ ਬਲਦੀ ਦੇ ਬੂੱਥੇ ਧੱਕ ਦਿਤਾ। ਜਿਸ ਦੇ ਸਿੱਟੇ ਵਜੋਂ ਪਿਛਲੇ ਦੋ ਮਹੀਨਿਆਂ ਤੋਂ ਕਿਰਤੀ ਕਮਾਊ ਲੋਕਾਂ ਨੂੰ ਭਾਰੀ ਆਰਥਕ ਨੁਕਸਾਨ ਝੱਲਣਾ ਪਿਆ।

ਸਰਕਾਰ ਦੀਆਂ ਅਰਥੀਆਂ ਫੂਕਦੇ ਹੋਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਰਕਰ। ਸੰਜੂ


   ਲੱਖਾਂ ਪ੍ਰਵਾਸੀ ਮਜ਼ਦੂਰ ਭੁੱਖੇ ਪਿਆਸੇ ਹੀ ਹਜ਼ਾਰਾਂ ਕਿਲੋਮੀਟਰਾਂ ਦਾ ਸਫ਼ਰ ਪੈਦਲ ਹੀ ਤਹਿ ਕਰਨ ਲਈ ਮਜ਼ਬੂਰ ਕਰ ਦਿਤੇ, ਇਸ ਦੌਰਾਨ ਸੈਂਕੜੇ ਮਜ਼ਦੂਰਾਂ ਦੀਆਂ ਹੋਈਆਂ ਮੌਤਾਂ ਅਸਲ ਵਿਚ ਕਤਲ ਹਨ। ਸਫ਼ਰ ਦੌਰਾਨ ਮਾਰੇ ਗਏ ਮਜ਼ਦੂਰਾਂ ਦੇ ਪਰਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿਤਾ ਜਾਵੇ, ਕਿਉਂਕਿ ਇਸ ਦੇ ਲਈ ਕੇਂਦਰ ਤੇ ਰਾਜ ਸਰਕਾਰਾਂ ਸਿੱਧੇ ਤੌਰ ਉਤੇ ਜ਼ਿੰਮੇਵਾਰ ਹਨ। ਰਾਹਤ ਪੈਕੇਜ ਨੂੰ ਆਫਤ ਪੈਕੇਜ ਕਰਾਰ ਦਿੰਦਿਆਂ ਆਗੂਆਂ ਨੇ ਦੋਸ਼ ਲਾਇਆ ਕਿ 20 ਲੱਖ ਕਰੋੜ ਰੁਪਏ ਵਿਚੋਂ 12 ਲੱਖ ਕਰੋੜ ਤਾਂ ਵਿਆਜ ਉਤੇ ਕਰਜੇ ਦੇਣ ਸਬੰਧੀ ਹੈ ਜਿਸ ਨੂੰ ਰਾਹਤ ਕਹਿਣਾ ਹੀ ਮਜ਼ਾਕ ਹੈ।


  ਕਾਫ਼ੀ ਹਿੱਸਾ ਪੁਰਾਣੀਆਂ ਸਕੀਮਾਂ ਨੂੰ ਮੁੜ ਦੁਹਰਾ ਕੇ ਪੂਰਾ ਕੀਤਾ ਗਿਆ ਹੈ। ਪੰਜਾਬ ਦੇ ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਠੇਕਾ ਕਾਮਿਆਂ, ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਮੋਦੀ ਹਕੂਮਤ ਵਲੋਂ ਰਾਹਤ ਪੈਕਜ ਦੇ ਨਾਂ ਤੇ ਬੋਲੇ ਨਵੇਂ ਆਰਥਕ ਹਮਲੇ ਅਤੇ ਸੰਕਟ ਵਿਚ ਘਿਰੇ ਲੋਕਾਂ ਨੂੰ ਰਾਹਤ ਦੇਣ ਦੀਆਂ ਮੰਗਾਂ ਨੂੰ ਲੈ ਕੇ 3, 4 ਤੇ 5 ਜੂਨ ਨੂੰ ਤਹਿਸੀਲ ਦਫ਼ਤਰਾਂ ਅੱਗੇ ਇਕ ਰੋਜਾ ਧਰਨੇ ਦਿਤੇ ਜਾਣਗੇ। ਇਸ ਸਮੇਂ ਅਮਰੀਕ ਸਿੰਘ ਭਾਗਸਰ, ਡਾ ਹਰਭਿੰਦਰ ਸਿੰਘ ਭਾਗਸਰ, ਡਾ. ਸੁੱਖ ਬਹਾਦਰ, ਜੀਤ ਸਿੰਘ, ਕੁਲਬੀਰ ਸਿੰਘ,  ਰਮਨਦੀਪ ਕੌਰ, ਸਨਦੀਪ ਕੌਰ ਆਦਿ ਸ਼ਾਮਲ ਸਨ।