ਸਿੱਖ ਕੌਮ ਫ਼ੌਜੀ ਹਮਲੇ ਤੇ ਝੂਠੇ ਮੁਕਾਬਲਿਆਂ ਦਾ ਸੱਚ 36 ਸਾਲ ਬੀਤਣ 'ਤੇ ਵੀ ਨਾ ਜਾਣ ਸਕੀ: ਖਾਲੜਾ ਮਿਸ਼ਨ
ਸਿੱਖ ਨਸਲਕੁਸ਼ੀ ਤੇ ਝੂਠੇ ਮੁਕਾਬਲਿਆਂ 'ਚ ਸ਼ਹੀਦ ਸਿੱਖਾਂ ਦੀਆਂ ਤਸਵੀਰਾਂ ਅਜਾਇਬਘਰ 'ਚ ਲਾਈਆਂ ਜਾਣ
ਅੰਮ੍ਰਿਤਸਰ 29 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਖ਼ਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਅਹੁੱਦੇਦਾਰਾਂ, ਪ੍ਰਮਜੀਤ ਕੌਰ ਖ਼ਾਲੜਾ, ਅਜੀਤ ਸਿੰਘ ਬੈਂਸ, ਕਿਰਪਾਲ ਸਿੰਘ ਰੰਧਾਵਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵਿੰਦਰ ਸਿੰਘ, ਸਤਵੰਤ ਸਿੰਘ ਮਾਣਕ, ਵਿਰਸਾ ਸਿੰਘ ਬਹਿਲਾ, ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਸਿੱਖ ਪੰਥ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਫ਼ੌਜੀ ਹਮਲੇ ਤੇ ਪੰਜਾਬ ਦੀ ਧਰਤੀ 'ਤੇ ਹੋਏ ਹਜ਼ਾਰਾਂ ਝੂਠੇ ਮੁਕਾਬਲਿਆਂ ਦਾ ਸੱਚ ਨਹੀਂ ਜਾਣ ਸਕਿਆ। ਫ਼ੌਜੀ ਹਮਲੇ ਤੋਂ ਪਹਿਲਾਂ ਦਿੱਲੀ, ਨਾਗਪੁਰ ਤੇ ਉਸ ਦੇ ਸਿੱਖੀ ਭੇਸ ਵਿਚ ਛੁਪੇ ਦਲਾਲਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਤੇ ਸਿੱਖ ਪੰਥ ਨੂੰ ਅਤਿਵਾਦੀ ਕਰਾਰ ਦੇ ਕੇ ਭੰਡਿਆ।
ਸੰਤ ਭਿੰਡਰਾਂਵਾਲਿਆਂ ਨੂੰ ਫ਼ੌਜੀ ਹਮਲੇ ਤੋਂ ਪਹਿਲਾਂ ਸੁਪਾਰੀਆਂ ਦੇ ਕੇ ਕਤਲ ਕਰਾਉਣ ਦੇ ਯਤਨ ਹੋਏ। ਸੰਤ ਭਿੰਡਰਾਂਵਾਲੇ ਧਰਮਯੁੱਧ ਮੋਰਚੇ ਵਿਚੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਚਾਹੁੰਦੇ ਸਨ। ਖ਼ਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਫ਼ੌਜੀ ਹਮਲੇ ਦੇ ਯੋਜਨਾਕਾਰ ਕਾਂਗਰਸੀਆਂ, ਬਾਦਲਾਂ, ਭਾਜਪਾ ਤੇ ਆਰ.ਐਸ.ਐਸ. ਦੀਆਂ ਖੁਲੀਆਂ ਗੁਪਤ ਮੀਟਿੰਗਾਂ ਫ਼ੌਜੀ ਹਮਲੇ ਤੋਂ ਪਹਿਲਾਂ ਹੋਈਆਂ। ਆਖਰ 72 ਘੰਟੇ ਤੋਪਾਂ, ਟੈਕਾਂ ਨਾਲ ਸ਼੍ਰੀ ਦਰਬਾਰ ਸਾਹਿਬ ਉਪਰ ਭਾਰੀ ਬੰਬਾਰੀ ਕਰ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਸੱਭ ਵਿਧਾਨ ਕਾਨੂੰਨ ਛਿੱਕੇ ਟੰਗ ਦਿਤੇ ਗਏ ਅਤੇ ਸਰਕਾਰੀ ਅਤਿਵਾਦੀ ਦੀ ਸਿਖ਼ਰ ਹੋ ਗਈ।
ਉਨ੍ਹਾਂ ਕਿਹਾ ਕਿ ਸਿੱਖਾਂ ਦੀ ਹੋਈ ਵੱਡੇ ਪੱਧਰ 'ਤੇ ਨਸਲਕੁਸ਼ੀ ਉਪਰ ਬਾਦਲਾਂ ਨੇ ਪਰਦਾ ਪਾਉਣ ਲਈ ਨਾ ਅਕਾਲੀ ਦਲ ਬਾਦਲ ਤੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਪੜਤਾਲ ਕਰਵਾਈ ਅਤੇ ਨਾ ਹੀ ਅੱਜ ਤਕ ਇਨ੍ਹਾਂ ਇਸ ਹਮਲੇ ਦੀ ਕੋਈ ਨਿਰਪੱਖ ਜਾਂਚ ਮੰਗੀ। ਉਨ੍ਹਾਂ ਕਿਹਾ ਕਿ ਉਲਟਾ ਸੁੰਦਰੀਕਰਨ ਯੋਜਨਾ ਲਿਆ ਕੇ ਫ਼ੌਜੀ ਹਮਲੇ ਦੇ ਸੱਭ ਸਬੂਤ ਮਿਟਾ ਦਿਤੇ ਗਏ। ਅਹੁਦੇਦਾਰਾਂ ਨੇ ਕਿਹਾ ਕਿ ਨਸਲਕੁਸ਼ੀ ਦਾ ਸਿਲਸਲਾ ਝੂਠੇ ਮੁਕਾਬਲਿਆਂ ਰਾਹੀਂ ਅਗੇ ਵਧਿਆ। ਬਾਦਲਾਂ ਨੇ ਫਿਰ ਸੌਦੇਬਾਜ਼ੀ ਕਰ ਕੇ ਪੰਥ ਤੇ ਪੰਜਾਬ ਨੂੰ ਲਹੂ-ਲੁਹਾਨ ਕਰਵਾਇਆ। ਭਾਈ ਜਸਵੰਤ ਸਿੰਘ ਖ਼ਾਲੜਾ ਤੇ ਭਾਈ ਗੁਰਦੇਵ ਸਿੰਘ ਕਾਉਂਕੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਤਲ ਇਸੇ ਸੌਦੇਬਾਜ਼ੀ ਦਾ ਸਿਟਾ ਸਨ।
ਉਨ੍ਹਾਂ ਕਿਹਾ ਕਿ ਬਾਦਲਾਂ ਨੇ ਅਦਾਲਤਾਂ ਵਿਚ ਅਪਣੇ ਵਕੀਲ ਖੜੇ ਕਰ ਕੇ ਝੂਠੇ ਮੁਕਾਬਲਿਆਂ ਦੇ ਦੋਸ਼ੀ ਬਚਾਉਣ ਦੀ ਪੂਰੀ ਵਾਹ ਲਾਈ। ਭਾਈ ਖ਼ਾਲੜਾ ਦੇ ਕੇਸ ਵਿਚ ਸਤਨਾਮ ਸਿੰਘ ਕਲੇਰ ਡਟ ਕੇ ਦੋਸ਼ੀਆਂ ਦੀ ਵਕਾਲਤ ਕਰਦਾ ਰਿਹਾ। ਹੁਣੇ-ਹੁਣੇ ਸੁਮੈਧ ਸੈਣੀ ਨੂੰ ਦੁੱਧ ਧੋਤਾ ਸਾਬਤ ਕਰਨ ਲਈ ਬਾਦਲ ਪੱਬਾਂ ਭਾਰ ਹਨ। ਉਨ੍ਹਾਂ ਕਿਹਾ ਕਿ ਅਦਾਲਤਾਂ ਦੁਆਰਾ ਦੋਸ਼ੀ ਕਰਾਰ ਦਿਤੇ ਅਧਿਕਾਰੀਆਂ ਨੂੰ ਅਕਾਲੀ, ਕਾਂਗਰਸ ਅਤੇ ਭਾਜਪਾ ਨੇ ਮਾਫ਼ੀਆਂ ਦਿਵਾ ਕੇ ਪੰਥ ਸਿਰ ਨਵੀਂ ਭਾਜੀ ਚਾੜੀ ਹੈ। ਉਨ੍ਹਾਂ ਕਿਹਾ ਕਿ ਮੰਨੂਵਾਦੀਏ ਤੇ ਉਨ੍ਹਾਂ ਦੇ ਦਲਾਲ ਨਹੀਂ ਚਾਹੁੰਦੇ ਕਿ ਫ਼ੌਜੀ ਹਮਲੇ ਤੇ ਝੂਠੇ ਮੁਕਾਬਲਿਆਂ ਨਾਲ ਸਬੰਧਤ ਫ਼ਾਈਲਾਂ ਜਨਤਕ ਹੋ ਕੇ ਸੱਚ ਸਾਹਮਣੇ ਆਵੇ। ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਦਖ਼ਲ-ਅੰਦਾਜ਼ੀ ਹੋਣੀ ਚਾਹੀਦੀ ਹੈ।
ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲੇ ਅਤੇ ਝੂਠੇ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ ਤੇ ਨਵੰਬਰ '84 ਕਤਲੇਆਮ ਨੂੰ ਸਿੱਖੀ ਉਪਰ ਅਤਿਵਾਦੀ ਹਮਲੇ ਐਲਾਨਣਾ ਚਾਹੀਦਾ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ ਅਤੇ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ ਤੇ ਨਵੰਬਰ '84 ਕਤਲੇਆਮ ਵਿਚ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜੈਬ ਘਰ ਵਿਚ ਸਥਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।