ਚੋਰ ਨੇ ਗੁਰਦਵਾਰਾ ਸਾਹਿਬ ਦੀ ਗੋਲਕ ਤੋੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਦਾ ਸੀਸੀਟੀਵੀ 'ਚ ਹੋਇਆ ਕੈਦ

1

ਜੰਮੂ, 30 ਮਈ (ਸਰਬਜੀਤ ਸਿੰਘ) : ਸ੍ਰੀਨਗਰ ਦੇ ਜਵਾਹਰ ਨਗਰ ਇਲਾਕੇ ਵਿਚ ਪੈਂਦੇ ਕਲਗੀਧਰ ਗੁਰਦਵਾਰਾ ਸਾਹਿਬ 'ਚ ਬੀਤੀ ਰਾਤ ਇਕ ਚੋਰ ਨੇ ਗੁਰਦਵਾਰਾ ਸਾਹਿਬ ਦੀ ਗੋਲਕ ਨੂੰ ਤੋੜ ਕੇ ਉਸ ਵਿਚੋਂ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ੁਕਰਵਾਰ-ਸਨਿਚਰਵਾਰ ਦੀ ਦਰਮਿਆਨੀ ਰਾਤ 12.39 ਵਜੇ ਦੇ ਕਰੀਬ ਇਕ ਚੋਰ ਨੇ ਗੁਰਦਵਾਰਾ ਸਾਹਿਬ ਦੇ ਅੰਦਰ ਪ੍ਰਵੇਸ਼ ਕਰ ਕੇ ਗੁਰਦਵਾਰਾ ਸਾਹਿਬ ਵਿਚ ਰਖੀ ਗੋਲਕ ਤੋੜ ਦਿਤੀ ਅਤੇ ਲਗਭਗ 50 ਹਜ਼ਾਰ ਰੁਪਏ ਦੀ ਰਾਸ਼ੀ ਚੋਰੀ ਕਰ ਲਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਜਸਪਾਲ ਸਿੰਘ ਨੇ ਦਸਿਆ ਗੁਰਦਵਾਰਾ ਸਾਹਿਬ ਅੰਦਰ ਲੱਗੇ ਸੀਸੀਟੀਵੀ ਦੀ ਫੁਟੇਜ਼ ਵੇਖਣ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਕਿ ਗੁਰਦਵਾਰਾ ਸਾਹਿਬ ਅੰਦਰ ਚੋਰ ਨੇ ਗੋਲਕ ਤੋੜ ਕੇ ਉਸ ਵਿਚ ਰੱਖੀ ਲਗਭਗ 50 ਹਜ਼ਾਰ ਰੁਪਏ ਦੀ ਚੋਰੀ ਕਰ ਲਈ, ਜਦਕਿ ਚੋਰ ਦੂਸਰੀ ਗੋਲਕ ਤੋੜਨ ਵਿਚ ਅਸਫਲ ਰਿਹਾ।


ਉਧਰ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਸੀਸੀਟੀਵੀ ਫ਼ੁਟੇਜ ਵਿਚ ਚੋਰ ਦੀ ਸਾਰੀ ਕਰਤੂਤ ਕੈਦ ਹੋ ਗਈ ਹੈ ਅਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ  ਦਸਿਆ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਚੋਰ ਕੋਈ ਨਸ਼ੇੜੀ ਜਾਪਦਾ ਹੈ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਜਵਾਹਰ ਨਗਰ ਅਤੇ ਉਸ ਦੇ ਆਸਪਾਸ ਇਲਾਕੇ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ਗੁਰਦਵਾਰਾ ਸਾਹਿਬ 'ਚ ਇਕੱਠੇ ਹੋ ਗਏ। ਜਿਸ ਤੋਂ ਬਾਅਦ ਇਲਾਕੇ ਵਿਚ ਤਣਾਅ ਪੈਦਾ ਹੋ ਗਿਆ। ਘਟਨਾ ਦੀ ਖ਼ਬਰ ਮਿਲਦੇ ਹੀ ਪੁਲਿਸ ਦੇ ਉਚ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਐਫਐਸਐਲ ਟੀਮ ਨੂੰ ਬੁਲਾਇਆ ਅਤੇ ਸਿੱਖ ਭਾਈਚਾਰੇ ਨੂੰ ਵਿਸ਼ਵਾਸ਼ ਦੁਆਇਆ ਕਿ ਜਲਦ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸ੍ਰੀਨਗਰ ਸ਼ਹਿਰ ਦੇ ਵਿਚੋ-ਵਿਚ ਸਥਿਤ ਜਵਾਹਰ ਨਗਰ ਕਲੋਨੀ ਵਿਚ ਭਾਰੀ ਤਾਦਾਦ 'ਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ।