ਸਿਹਤ ਮਹਿਕਮੇ ਦੀ ਲਾਪਰਵਾਹੀ, ਨਹੀਂ ਲਈ ਵੈਕਸੀਨ ਦੀ ਕੋਈ ਡੋਜ਼ ਫਿਰ ਵੀ ਜਾਰੀ ਕੀਤਾ ਸਰਟੀਫਿਕੇਟ 

ਏਜੰਸੀ

ਖ਼ਬਰਾਂ, ਪੰਜਾਬ

26 ਮਈ ਨੂੰ ਗੋਰਾਇਆ ਵਿਚ ਲੱਗਾ ਸੀ ਵੈਕਸੀਨੇਸ਼ਨ ਕੈਂਪ

File Photo

ਗੋਰਾਇਆ -ਕੋਰੋਨਾ ਵਾਇਰਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਵੈਕਸੀਨੇਸ਼ਨ ਤੇਜ਼ੀ ਨਾਲ ਲਗਾਈ ਜਾ ਰਹੀ ਹੈ ਅਤੇ ਇਸ ਕੋਰੋਨਾ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਸਿਹਤ ਮਹਿਕਮੇ ਦੀ ਲਾਪਰਵਾਹੀ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦਰਅਸਲ ਪਿੰਡ ਕਮਾਲਪੁਰ ਵਿਚ ਨਿਤਿਨ ਅੱਬੇ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ 26 ਮਈ ਨੂੰ ਗੋਰਾਇਆ ਵਿਚ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਸੀ, ਜਿਸ ਵਿਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਈ ਗਈ ਸੀ। 

ਉਹ ਉਸ ਕੈਂਪ ਵਿਚ ਵੈਕਸੀਨ ਲਗਵਾਉਣ ਲਈ ਗਏ ਸਨ ਪਰ ਉਨ੍ਹਾਂ ਨੂੰ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨੇ ਇਹ ਗੱਲ ਕਹਿ ਕੇ ਵਾਪਸ ਭੇਜ ਦਿੱਤਾ ਸੀ ਕਿ ਇਥੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਹੀ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਜਾ ਰਹੀ ਹੈ। ਇਸ ਤੋਂ ਬਾਅਦ ਉਹ ਉਥੋਂ ਵਾਪਸ ਘਰ ਆ ਗਿਆ ਪਰ ਉਨ੍ਹਾਂ ਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਉਨ੍ਹਾਂ ਦੇ ਫੋਨ ਉੱਤੇ ਆਇਆ ਕਿ ਉਨ੍ਹਾਂ ਦੇ ਪਹਿਲੀ ਡੋਜ਼ ਲੱਗ ਗਈ ਹੈ ਅਤੇ ਉਨ੍ਹਾਂ ਦਾ ਸਰਟੀਫਿਕੇਟ ਵੀ ਕੋਵਾ ਐਪ ਤੋਂ ਨਿਕਲ ਆਇਆ

ਪਰ ਉਨ੍ਹਾਂ ਨੇ ਅਜੇ ਤੱਕ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਗਵਾਈ। ਬਿਨਾਂ ਡੋਜ਼ ਲਗਵਾਏ ਹੀ ਉਨ੍ਹਾਂ ਦਾ ਸਰਟੀਫਿਕੇਟ ਕਿਸ ਤਰ੍ਹਾਂ ਨਾਲ ਆ ਗਿਆ। ਉਹ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਜੇਕਰ ਉਨ੍ਹਾਂ ਨੇ ਪਹਿਲੀ ਡੋਜ਼ ਹੀ ਨਹੀਂ ਲਗਵਾਈ ਤਾਂ ਉਨ੍ਹਾਂ ਦਾ ਸਰਟੀਫਿਕੇਟ ਕਿਵੇਂ ਜਾਰੀ ਕਰ ਦਿੱਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਐਤਵਾਰ ਹੋਣ ਕਾਰਨ ਉਹ ਸਬੰਧਤ ਮਹਿਕਮੇ ਕੋਲ ਨਹੀਂ ਜਾ ਸਕੇ। ਸੋਮਵਾਰ ਨੂੰ ਸਬੰਧਤ ਅਧਿਕਾਰੀਆਂ ਕੋਲ ਜਾ ਕੇ ਇਸ ਦੀ ਜਾਂਚ ਕਰਵਾਉਣਗੇ। ਉਨ੍ਹਾਂ ਮੰਗ ਕੀਤੀ ਕਿ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਵਰਤੀ ਜਾ ਰਹੀ ਅਜਿਹੀ ਲਾਪਰਵਾਹੀ ਵਿਚ ਸੁਧਾਰ ਕੀਤਾ ਜਾਵੇ। ਇਸ ਮਾਮਲੇ ਨੂੰ ਲੈ ਕੇ ਜਦ ਐੱਸ. ਐੱਮ. ਓ. ਜਡਿਆਲਾ ਮੈਡਮ ਪਰਮਿੰਦਰ ਕੌਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।