ਬੰਗਾਲ ਦੇ ਭਲੇ ਲਈ ਮੋਦੀ ਦੇ ਪੈਰੀਂ ਹੱਥ ਵੀ ਲਾ ਸਕਦੀ ਹਾਂ : ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਪੰਜਾਬ

ਬੰਗਾਲ ਦੇ ਭਲੇ ਲਈ ਮੋਦੀ ਦੇ ਪੈਰੀਂ ਹੱਥ ਵੀ ਲਾ ਸਕਦੀ ਹਾਂ : ਮਮਤਾ ਬੈਨਰਜੀ

image

ਮੋਦੀ ਦੀ ਚੱਕਰਵਾਤ ਸਮੀਖਿਆ ਬੈਠਕ ਵਿਚ ਨਹੀਂ ਸ਼ਾਮਲ ਹੋਏ ਸੀ ਮਮਤਾ ਤੇ ਮੁੱਖ ਸਕੱਤਰ


ਕੋਲਕਾਤਾ, 29 ਮਈ : ਕੇਂਦਰ ਸਰਕਾਰ 'ਤੇ ਬਦਲੇ ਦੀ ਰਾਜਨੀਤੀ ਦਾ ਦੋਸ਼ ਲਗਾਉਂਦਿਆਂ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਨਿਚਰਵਾਰ ਨੂੰ  ਕੇਂਦਰ ਸਰਕਾਰ ਨੂੰ  ਬੇਨਤੀ ਕੀਤੀ ਕਿ ਉਹ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ  ਬੁਲਾਉਣ ਦੇ ਫ਼ੈਸਲੇ ਨੂੰ  ਵਾਪਸ ਲਵੇ ਅਤੇ ਸੀਨੀਅਰ ਨੌਕਰਸ਼ਾਹ ਨੂੰ  ਕੋਰੋਨਾ ਸੰਕਟ ਦੌਰਾਨ ਲੋਕਾਂ ਲਈ ਕੰਮ ਕਰਨ ਦੀ ਪ੍ਰਵਾਨਗੀ ਦੇਵੇ | ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਦੀ ਸਰਕਾਰ ਲਈ ਹਰ ਕਦਮ 'ਤੇ ਔਕੜਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਕਿਉਂਕਿ ਉਹ ਹੁਣ ਤਕ ਵੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਹਜ਼ਮ ਨਹੀਂ ਕਰ ਸਕੇ |
  ਮਮਤਾ ਨੇ ਕਿਹਾ ਕਿ ਜੇਕਰ ਬੰਗਾਲ ਦੇ ਭਲੇ ਅਤੇ ਤਰੱਕੀ ਲਈ ਉਸ ਨੂੰ  ਮੋਦੀ ਦੇ ਪੈਰੀਂ ਹੱਥ ਲਾਉਣ ਲਈ ਕਿਹਾ ਜਵੇਗਾ ਤਾਂ ਉਹ ਇਸ ਲਈ ਵੀ ਤਿਆਰ ਹੈ | ਮਮਤਾ ਨੇ ਕਿਹਾ,''ਕਿਉਂਕਿ ਤੁਹਾਨੂੰ (ਮੋਦੀ ਤੇ ਸ਼ਾਹ) ਭਾਜਪਾ ਦੀ ਹਾਰ (ਬੰਗਾਲ ਵਿਚ) ਹਜ਼ਮ ਨਹੀਂ ਹੋ ਰਹੀ ਤਾਂ ਤੁਸੀ ਪਹਿਲੇ ਦਿਨ ਤੋਂ ਹੀ ਸਾਡੇ ਲਈ ਔਕੜਾਂ ਪੈਦਾ ਕਰਨੀਆਂ ਸ਼ੁਰੂ ਕਰ ਦਿਤੀਆਂ | ਮੁੱਖ ਸਕੱਤਰ ਦੀ ਕੀ ਗ਼ਲਤੀ ਹੈ? ਕੋਰੋਨਾ ਸੰਕਟ ਦੌਰਾਨ ਮੁੱਖ ਸਕੱਤਰ ਨੂੰ  ਵਾਪਸ ਬੁਲਾਉਣਾ ਦਰਸਾਉਂਦਾ ਹੈ ਕਿ ਕੇਂਦਰ ਬਦਲੇ ਦੀ ਰਾਜਨੀਤੀ ਕਰ ਰਿਹਾ ਹੈ |'' 
  ਮਮਤਾ ਨੇ ਤੂਫ਼ਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਪਛਮੀ ਬੰਗਾਲ ਦੇ ਦੀਘਾ ਅਤੇ ਸੁੰਦਰਬਨ ਇਲਾਕਿਆਂ ਦੇ ਵਿਕਾਸ ਲਈ ਮੋਦੀ ਤੋਂ 10-10 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਮੰਗਿਆ | ਮਮਤਾ ਦੇ ਨਾ ਆਉਣ 'ਤੇ ਮੋਦੀ ਨੇ ਇਕੱਲੇ ਹਵਾਈ ਸਰਵੇਖਣ ਕੀਤਾ ਸੀ | ਬੈਨਰਜੀ ਬੈਠਕ ਵਿਚ ਸ਼ਾਮਲ ਨਹੀਂ ਹੋਈ ਪਰ ਉਹ ਉਸ ਕਮਰੇ ਵਿਚ ਦਾਖ਼ਲ ਹੋਈ ਜਿਥੇ ਮੋਦੀ ਬੈਠਕ ਕਰ ਰਹੇ ਸਨ | ਮੁੱਖ ਮੰਤਰੀ ਨੇ ਸਬੰਧਤ ਕਮਰੇ ਵਿਚ ਦਾਖ਼ਲ ਹੋ ਕੇ ਪ੍ਰਧਾਨ ਮੰਤਰੀ ਨੂੰ  ਸੂਬੇ ਵਿਚ ਚੱਕਰਵਾਰ ਨਾਲ ਹੋਏ ਨੁਕਸਾਨ 'ਤੇ ਇਕ ਰਿਪੋਰਟ ਸੌਂਪੀ ਅਤੇ 20,000 ਕਰੋੜ ਦੇ ਪੈਕੇਜ ਦੀ ਮੰਗ ਕੀਤੀ | ਬੈਨਰਜੀ ਨਾਲ ਮੁੱਖ ਸਕੱਤਰ ਬੰਦੋਪਾਧਿਆਏ ਵੀ ਸਨ | ਬੈਠਕ ਦੇ ਕੁੱਝ ਘੰਟੇ ਬਾਅਦ ਕੇਂਦਰ ਨੇ ਬੰਦੋਪਾਧਿਆਏ ਦੇ ਦਿੱਲੀ ਤਬਾਦਲੇ ਦਾ ਹੁਕਮ ਜਾਰੀ ਕਰ ਦਿਤਾ | (ਪੀਟੀਆਈ)