ਸਿੱਧੂ ਮੂਸੇਵਾਲਾ ਮਾਮਲਾ: ਚਸ਼ਮਦੀਦ ਨੇ ਬਿਆਨੀ ਪੂਰੀ ਵਾਰਦਾਤ, 2 ਮਿੰਟ 'ਚ ਕਿਵੇਂ ਬਦਲੇ ਹਾਲਾਤ?
ਚਸ਼ਮਦੀਦ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਮੂਸੇਵਾਲਾ ਦੀ ਗੱਡੀ ਦੇ ਪਿਛਲੇ ਟਾਇਰ ’ਤੇ ਫਾਈਨਿੰਗ ਕੀਤੀ। ਇਸ ਨਾਲ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੂਰੇ ਪੰਜਾਬ ਵਿਚ ਸੋਗ ਦੀ ਲਹਿਰ ਹੈ। ਦੁਨੀਆਂ ਭਰ ਵਿਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਇਸ ਦੌਰਾਨ ਘਟਨਾ ਦੇ ਚਸ਼ਮਦੀਦ ਨੇ ਸਾਰੀ ਘਟਨਾ ਨੂੰ ਬਿਆਨਿਆ ਹੈ। ਮੀਡੀਆ ਨਾਲ ਗੱਲ ਕਰਦਿਆਂ ਚਸ਼ਮਦੀਦ ਨੇ ਦੱਸਿਆ ਕਿ ਇਹ ਘਟਨਾ ਸ਼ਾਮ 5 ਵਜੇ ਤੋਂ 5.30 ਵਜੇ ਦਰਮਿਆਨ ਵਾਪਰੀ। ਸਿਰਫ਼ 2 ਮਿੰਟਾਂ 'ਚ ਮੂਸੇਵਾਲਾ 'ਤੇ 30 ਗੋਲੀਆਂ ਚਲਾਈਆਂ ਗਈਆਂ।
Sidhu MooseWala
ਉਹਨਾਂ ਦੱਸਿਆ ਕਿ ਅਚਾਨਕ ਦੋ ਗੱਡੀਆਂ ਆਉਂਦੀਆਂ ਹਨ, ਇਕ ਬੋਲੈਰੋ ਅਤੇ ਦੂਜੀ ਲੰਬੀ ਕਾਰ ਸੀ। ਦੋਵੇਂ ਗੱਡੀਆਂ ਮੂਸੇਵਾਲਾ ਦੇ ਥਾਰ ਨੂੰ ਓਵਰਟੇਕ ਕਰਦੀਆਂ ਹਨ। ਜਿਵੇਂ ਹੀ ਮੂਸੇਵਾਲਾ ਨੇ ਆਪਣੀ ਕਾਰ ਨੂੰ ਸੰਭਾਲਿਆ ਤਾਂ 7 ਨੌਜਵਾਨ ਦੋਵੇਂ ਕਾਰਾਂ ਤੋਂ ਹੇਠਾਂ ਉਤਰ ਗਏ ਅਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਕਰਦੇ ਸਮੇਂ ਉਹ 1 ਤੋਂ 2 ਮਿੰਟ ਤੱਕ ਮੌਕੇ 'ਤੇ ਹੀ ਰਹੇ, ਫਿਰ ਭੱਜ ਗਏ। ਚਸ਼ਮਦੀਦ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਮੂਸੇਵਾਲਾ ਦੀ ਗੱਡੀ ਦੇ ਪਿਛਲੇ ਟਾਇਰ ’ਤੇ ਫਾਈਨਿੰਗ ਕੀਤੀ। ਇਸ ਨਾਲ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ ਦੌਰਾਨ ਦੋਸ਼ੀ ਓਵਰਟੇਕ ਕਰਨ ਤੋਂ ਬਾਅਦ ਕਾਰ ਤੋਂ ਹੇਠਾਂ ਉਤਰ ਗਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕ ਘਰਾਂ 'ਚੋਂ ਬਾਹਰ ਆ ਗਏ ਪਰ ਹਮਲਾਵਰਾਂ ਦੀ ਲਲਕਾਰ ਸੁਣ ਕੇ ਉਹ ਘਰਾਂ 'ਚ ਵੜ ਵਾਪਸ ਚਲੇ ਗਏ।
Sidhu MooseWala case
ਚਸ਼ਮਦੀਦ ਨੇ ਦੱਸਿਆ ਕਿ ਹਮਲਾਵਰਾਂ ਨੇ ਇਸ ਤਰ੍ਹਾਂ ਗੋਲੀਆਂ ਚਲਾਈਆਂ ਜਿਵੇਂ ਉਹ ਇਹ ਸੋਚ ਕੇ ਆਏ ਸਨ ਕਿ ਅੱਜ ਮੂਸੇਵਾਲਾ ਨੂੰ ਖਤਮ ਕਰਨਾ ਹੀ ਹੈ। ਹਮਲਾਵਰਾਂ ਨੇ 30 ਦੇ ਕਰੀਬ ਗੋਲੀਆਂ ਚਲਾਈਆਂ। ਚਸ਼ਮਦੀਦ ਅਨੁਸਾਰ ਉਸ ਨੇ ਅਤੇ ਉਸ ਦੇ ਦੋਸਤ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਲੱਭਣ ਵਿਚ ਪੁਲਿਸ ਦੀ ਮਦਦ ਕੀਤੀ। ਪਿੰਡ ਜਵਾਹਰਕੇ ਦੀ ਗਲੀ ਵਿਚ ਜਿੱਥੇ ਕਤਲ ਹੋਇਆ ਸੀ, ਮੂਸੇਵਾਲਾ ਦੇ ਖੂਨ ਅਤੇ ਗੋਲੀਆਂ ਦੇ ਨਿਸ਼ਾਨ ਅਜੇ ਵੀ ਕੰਧਾਂ ਉੱਤੇ ਹਨ। ਪਿੰਡ ਵਿਚੋਂ ਕਿਸੇ ਨੇ ਵੀ ਜ਼ਖਮੀ ਹਾਲਤ ਵਿਚ ਮੂਸੇਵਾਲਾ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਕੋਈ ਬਾਹਰ ਨਹੀਂ ਆਇਆ। ਕੋਈ ਅਣਪਛਾਤਾ ਵਿਅਕਤੀ ਆਪਣੇ ਮੋਟਰ ਸਾਈਕਲ ’ਤੇ ਮੂਸੇਵਾਲਾ ਨੂੰ ਹਸਪਤਾਲ ਲੈ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
Sidhu MooseWala case
ਚਸ਼ਮਦੀਦ ਮੁਤਾਬਕ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਮੂਸੇਵਾਲਾ ਦਾ ਕਤਲ ਹੋਇਆ ਹੈ। ਇਸ ਮਗਰੋਂ ਮਾਨਸਾ ਪੁਲਿਸ ਮੌਕੇ ’ਤੇ ਪੁੱਜ ਗਈ। ਘਟਨਾ ਦੇ ਕਰੀਬ ਘੰਟੇ ਬਾਅਦ ਪੁਲਿਸ ਆਈ। ਚਸ਼ਮਦੀਦ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਤੁਰੰਤ ਸਰਗਰਮ ਹੋ ਜਾਂਦੀ ਤਾਂ ਸ਼ਾਇਦ ਦੋਸ਼ੀ ਮਾਨਸਾ ਤੋਂ ਬਾਹਰ ਨਾ ਨਿਕਲਦੇ। ਚਸ਼ਮਦੀਦ ਨੇ ਦੱਸਿਆ ਕਿ ਚੈੱਕ ਸ਼ਰਟ ਪਹਿਨੇ ਇਕ ਨੌਜਵਾਨ, ਜਿਸ ਕੋਲ ਏਕੇ 47 ਸੀ। ਨੌਜਵਾਨ ਨੇ ਮੂਸੇਵਾਲਾ ’ਤੇ ਗੋਲੀਆਂ ਚਲਾਈਆਂ ਸਨ। ਬਾਕੀ 6 ਨੌਜਵਾਨਾਂ ਨੇ ਉਸ ਨੂੰ ਕਵਰ ਕੀਤਾ ਅਤੇ ਦਹਿਸ਼ਤ ਫੈਲਾਉਣ ਦਾ ਕੰਮ ਕੀਤਾ। ਜਦੋਂ ਇਕ ਨੌਜਵਾਨ ਮੌਕੇ 'ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ ਨੌਜਵਾਨ 'ਤੇ ਵੀ ਗੋਲੀਆਂ ਚਲਾ ਦਿੱਤੀਆਂ। ਘਬਰਾ ਕੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ।