ਮਾਨਸਾ ਸ਼ਹਿਰ 'ਚ ਛਾਇਆ ਸੰਨਾਟਾ, ਦੁਕਾਨਾਂ ਤੱਕ ਹੋਈਆਂ ਬੰਦ 

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਇੱਥੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।

silence in Mansa city, shops closed

 

ਮਾਨਸਾ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਮਾਨਸਾ ਵਿਚ ਲੋਕਾਂ ਵਿਚ ਗੁੱਸਾ ਭਰ ਗਿਆ ਹੈ। ਮਾਨਸਾ ਦੇ ਸਿਵਲ ਹਸਪਤਾਲ ਦੇ ਬਾਹਰ ਲੋਕ ਧਰਨੇ 'ਤੇ ਬੈਠ ਗਏ ਹਨ ਅਤੇ ਬਾਜ਼ਾਰ ਵੀ ਬੰਦ ਹਨ। ਸਿੱਧੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਇੱਥੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਮਾਨਸਾ ਵਿਚ ਹਸਪਤਾਲ ਅਤੇ ਆਸਪਾਸ ਦੇ ਇਲਾਕੇ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਚਰਚਾ ਹੈ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸਰਕਾਰ ਮੂਸੇਵਾਲਾ ਦਾ ਪੋਸਟਮਾਰਟਮ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਕਰਵਾ ਸਕਦੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕ ਗੁੱਸੇ 'ਚ ਨਾਅਰੇ ਵੀ ਲਗਾ ਰਹੇ ਹਨ। ਮੂਸੇਵਾਲਾ ਦਾ ਪੋਸਟਮਾਰਟਮ ਕਰਵਾਉਣ ਤੋਂ ਮਾਪਿਆਂ ਨੇ ਨਾਂ ਕਰ ਦਿੱਤੀ ਹੈ ਤੇ ਐੱਨਆਈਏ ਤੋਂ ਜਾਂਚ ਦੀ ਮੰਗ ਕੀਤੀ ਗਈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਸ਼ਹਿਰ ਮਾਨਸਾ ਦੀਆਂ ਸਾਰੀਆਂ ਦੁਕਾਨਾਂ ਬੰਦ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਸ਼ਹਿਰ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਦੁਕਾਨਦਾਰ ਮਹਿੰਦਰਪਾਲ ਨੇ ਦੱਸਿਆ ਕਿ ਮੂਸੇਵਾਲਾ ਬਹੁਤ ਮਿਲਣਸਾਰ ਵਿਅਕਤੀ ਸੀ। ਉਹ ਅਕਸਰ ਚੋਣਾਂ ਦੌਰਾਨ ਬਾਰਹ ਹੱਟਾ ਚੌਂਕ ਸਥਿਤ ਆਪਣੇ ਬਾਜ਼ਾਰ ਵਿਚ ਆਉਂਦਾ ਰਹਿੰਦਾ ਸੀ।

ਦੁਕਾਨਦਾਰਾਂ ਨਾਲ ਉਸ ਦੀ ਬਹੁਤ ਸਾਂਝ ਸੀ। ਲੋਕਾਂ ਦਾ ਕਹਿਣਾ ਹੈ ਕਿ ਜਿਸ ਥਾਰ ਵਿਚ ਹਮਲਾ ਹੋਇਆ ਸੀ, ਉਸੇ ਥਾਰ ਵਿਚ ਦੋ ਦਿਨ ਪਹਿਲਾਂ ਸਮਾਨ ਖਰੀਦਣ ਆਇਆ ਸੀ। ਇਸ ਮੰਡੀ ਵਿਚ ਸਿੱਧੂ ਮੂਸੇਵਾਲਾ ਆਪਣੇ ਖੇਤ ਦੀ ਫ਼ਸਲ ਵੇਚਣ ਲਈ ਕਈ ਵਾਰ ਆਉਂਦਾ ਸੀ। ਦੁਕਾਨਦਾਰ ਦੱਸ ਦੇ ਹਨ ਕਿ ਸਿੱਧੂ ਬਹੁਤ ਹੀ ਸਾਧਾਰਨ ਸ਼ਖਸੀਅਤ ਦੇ ਮਾਲਕ ਸਨ। ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਦੇ ਵਾਸੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਿਵਲ ਹਸਪਤਾਲ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਸੀ। ਸੋਮਵਾਰ ਸਵੇਰੇ ਵੀ ਪੁਲਿਸ ਨੇ ਹਸਪਤਾਲ ਦੇ ਚਾਰੇ ਪਾਸੇ ਬੈਰੀਕੇਡਿੰਗ ਲਗਾ ਰੱਖੀ ਹੈ। ਸ਼ਹਿਰ ਵਿਚ ਅੱਜ ਦੁਕਾਨਾਂ ਬੰਦ ਹਨ ਅਤੇ ਲੋਕ ਮੂਸਾ ਪਿੰਡ ਵਿਚ ਇਕੱਠੇ ਹੋ ਰਹੇ ਹਨ। ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਪੁਲਿਸ ਦੀਆਂ ਗੱਡੀਆਂ ਰਾਤ ਭਰ ਸੜਕਾਂ 'ਤੇ ਘੁੰਮਦੀਆਂ ਦੇਖੀਆਂ ਗਈਆਂ ਹਨ।