ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ : ਵਿਜੀਲੈਂਸ ਬਿਊਰੋ ਨੇ ਦੋ ਸਾਬਕਾ ਮੰਤਰੀਆਂ ਨੂੰ  ਕੀਤਾ ਤਲਬ

ਏਜੰਸੀ

ਖ਼ਬਰਾਂ, ਪੰਜਾਬ

ਗੁਰਪ੍ਰੀਤ ਸਿੰਘ ਕਾਂਗੜ ਨੂੰ 31 ਮਈ ਤੇ ਬਲਬੀਰ ਸਿੰਘ ਸਿੱਧੂ ਨੂੰ 2 ਜੂਨ ਨੂੰ ਪੇਸ਼ ਹੋਣ ਲਈ ਭੇਜਿਆ ਨੋਟਿਸ 

Vigilance Bureau summoned two former ministers

ਮੋਹਾਲੀ : ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਦੋ ਸਾਬਕਾ ਮੰਤਰੀਆਂ ਨੂੰ ਤਲਬ ਕੀਤਾ ਹੈ। ਬਿਊਰੋ ਦੇ ਸੀਨੀਅਰ ਅਧਿਕਾਰੀਆਂ ਨੇ ਦਸਿਆ ਕਿ ਸਾਬਕਾ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ 31 ਮਈ ਨੂੰ ਬੁਲਾਇਆ ਗਿਆ ਹੈ। ਕਾਂਗੜ ਨੂੰ ਬਿਊਰੋ ਵਲੋਂ ਪਹਿਲਾਂ ਵੀ ਬੁਲਾਇਆ ਗਿਆ ਸੀ ਪਰ ਕਾਂਗੜ ਨੇ ਦਲੀਲ ਦਿਤੀ ਸੀ ਕਿ ਉਹ ਸਿਹਤ ਕਾਰਨਾਂ ਕਰਕੇ ਵਿਜੀਲੈਂਸ ਬਿਊਰੋ ਕੋਲ ਨਹੀਂ ਆ ਸਕੇ। ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੰਤਰੀ ਅਤੇ ਭਾਜਪਾ ਦੇ ਮੌਜੂਦਾ ਆਗੂ ਬਲਬੀਰ ਸਿੰਘ ਸਿੱਧੂ ਨੂੰ ਵੀ 2 ਜੂਨ ਨੂੰ ਤਲਬ ਕੀਤਾ ਹੈ।

ਬਿਊਰੋ ਦੇ ਉੱਚ ਅਧਿਕਾਰੀਆਂ ਨੇ ਦਸਿਆ ਕਿ ਅਸਲ ਵਿਚ ਵਿਜੀਲੈਂਸ ਬਿਊਰੋ ਇਨ੍ਹਾਂ ਦੋਵਾਂ ਮੰਤਰੀਆਂ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਬਿਊਰੋ ਨੇ ਇਸ ਨਾਲ ਕੁਝ ਰਿਕਾਰਡ ਵੀ ਇਕੱਠੇ ਕੀਤੇ ਹਨ। ਹੁਣ ਦੋਵੇਂ ਸਾਬਕਾ ਮੰਤਰੀ ਅਪਣੀ ਜਾਇਦਾਦ ਸਬੰਧੀ ਦਸਤਾਵੇਜ਼ ਵਿਜੀਲੈਂਸ ਬਿਊਰੋ ਅੱਗੇ ਪੇਸ਼ ਕਰਨਗੇ। ਇਨ੍ਹਾਂ ਦਸਤਾਵੇਜ਼ਾਂ ਦੀ ਵਿਜੀਲੈਂਸ ਵਲੋਂ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਜੀਲੈਂਸ ਬਿਊਰੋ ਨੇ ਦੋਵਾਂ ਨੂੰ ਪ੍ਰੋਫਾਰਮਾ ਦੇ ਦਿਤਾ ਹੈ ਅਤੇ ਇਹ ਪ੍ਰੋਫਾਰਮਾ ਭਰਨ ਤੋਂ ਬਾਅਦ ਦੋਵੇਂ ਸਾਬਕਾ ਮੰਤਰੀ ਵਿਜੀਲੈਂਸ ਅਧਿਕਾਰੀਆਂ ਨੂੰ ਸੌਂਪਣਗੇ।

ਸੂਬੇ ਵਿਚ ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਮੁਹਿੰਮ ਤੇਜ਼ ਕਰ ਦਿਤੀ ਗਈ ਹੈ। ਵਿਜੀਲੈਂਸ ਬਿਊਰੋ ਇਸ ਸਬੰਧੀ ਵੱਖ-ਵੱਖ ਆਗੂਆਂ ਨੂੰ ਤਲਬ ਕਰਨ ਵਿਚ ਲੱਗੀ ਹੋਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਇਕ ਪ੍ਰੋਫਾਰਮਾ ਦਿਤਾ ਗਿਆ ਸੀ ਜਿਸ ਵਿਚ ਉਨ੍ਹਾਂ ਤੋਂ ਉਨ੍ਹਾਂ ਦੀ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਸੀ। ਦਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਵੀ ਵਿਜੀਲੈਂਸ ਬਿਊਰੋ ਵਲੋਂ ਜੂਨ ਮਹੀਨੇ ਵਿਚ ਬੁਲਾਏ ਜਾਣ ਦੀ ਸੰਭਾਵਨਾ ਹੈ। ਉਹ ਇਕ ਵਾਰ ਵਿਜੀਲੈਂਸ ਅਧਿਕਾਰੀਆਂ ਸਾਹਮਣੇ ਪੇਸ਼ ਹੋ ਚੁੱਕਾ ਹੈ।