ਕਮਰੇ ਦੀ ਛੱਤ ਡਿੱਗਣ ਕਾਰਨ ਇਕ ਦੀ ਮੌਤ, 4 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਲੱਖੇਵਾਲੀ ਵਿਖੇ ਕਮਰੇ ਦੀ ਖਸਤਾ ਹਾਲਤ ਕਰ ਕੇ ਛੱਤ ਡਿੱਗ ਜਾਣ ਕਾਰਨ ਪਰਵਾਰ ਦੇ ਇਕ ਜੀਅ ਦੀ ਮੌਤ ਅਤੇ 4 ਮੈਂਬਰ ਜ਼ਖ਼ਮੀ .......

View of Roof the Room Falling

ਸ੍ਰੀ ਮੁਕਤਸਰ ਸਾਹਿਬ : ਪਿੰਡ ਲੱਖੇਵਾਲੀ ਵਿਖੇ ਕਮਰੇ ਦੀ ਖਸਤਾ ਹਾਲਤ ਕਰ ਕੇ ਛੱਤ ਡਿੱਗ ਜਾਣ ਕਾਰਨ ਪਰਵਾਰ ਦੇ ਇਕ ਜੀਅ ਦੀ ਮੌਤ ਅਤੇ 4 ਮੈਂਬਰ ਜ਼ਖ਼ਮੀ ਹੋ ਗਏ, ਜ਼ਖ਼ਮੀਆਂ ਨੂੰ ਇਲਾਜ ਵਾਸਤੇ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਪਰਵਾਰ ਦੇ ਮੈਂਬਰ ਜਗਤਾਰ ਸਿੰਘ ਪੁੱਤਰ ਨੰਦ ਸਿੰਘ ਨੇ ਦਸਿਆ ਕਿ ਰਾਤ ਨੂੰ ਤਕਰੀਬਨ ਦੋ ਵਜੇ ਮੇਰੇ ਭਰਾ ਦਾ ਪਰਵਾਰ ਅਪਣੇ ਘਰ ਵਿਚ ਸੁੱਤਾ ਹੋਇਆ ਸੀ ਕਿ ਕਮਰੇ ਦੀ ਛੱਤ ਉਨ੍ਹਾਂ ਉਪਰ ਡਿੱਗ ਪਈ। ਜਿਸ ਕਾਰਨ ਮੇਰੀ ਭਰਜਾਈ ਹਰਜੀਤ ਕੌਰ ਪਤਨੀ ਜਸਪਾਲ ਸਿੰਘ ਦੀ ਮੌਤ ਹੋ ਗਈ ਅਤੇ ਮੇਰਾ

ਭਰਾ ਜਸਪਾਲ ਸਿੰਘ, ਉਸ ਦੇ ਬੱਚੇ ਬੱਬੂ ਸਿੰਘ (10ਸਾਲ) ਲੜਕਾ, ਹਸਨਪ੍ਰੀਤ ਕੌਰ ਲੜਕੀ (13 ਸਾਲ) ਅਤੇ ਭਾਣਜਾ ਇੰਦਰਜੀਤ ਸਿੰਘ ਸਖਤ ਜ਼ਖ਼ਮੀ ਹੋ ਗਏ। ਡਾਕਟਰਾਂ ਨੇ ਹਰਜੀਤ ਕੌਰ ਨੂੰ ਮ੍ਰਿਤਕ ਕਰਾਰ ਦੇ ਦਿਤਾ ਅਤੇ ਜ਼ਖ਼ਮੀਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿਤਾ। ਘਟਨਾ ਦਾ ਵੇਰਵਾ ਮਿਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਏਡੀਸੀ ਐਚ.ਐਸ. ਸਰਾਂ, ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਪਰਵਾਰ ਨਾਲ ਹਮਦਰਦੀ ਪ੍ਰਗਟਾਈ। ਇਸ ਮੌਕੇ ਪ੍ਰਸ਼ਾਸਨ ਵਲੋਂ ਮ੍ਰਿਤਕ ਦੇ ਅੰਤਿਮ ਸੰਸਕਾਰ ਵਾਸਤੇ ਮਦਦ ਵਜੋਂ 10 ਹਜ਼ਾਰ ਰੁਪਏ ਤੁਰਤ ਦਿਤੇ। ਮੌਕੇ 'ਤੇ ਹਾਜ਼ਰ ਨਾਇਬ ਤਹਿਸੀਲਦਾਰ ਸ. ਚਰਨਜੀਤ ਸਿੰਘ ਨੇ ਦਸਿਆ

ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਖ਼ਮੀਆਂ ਨੂੰ 17-17 ਹਜ਼ਾਰ ਰੁਪਏ ਅਤੇ ਮਕਾਨ ਬਣਾਉਣ ਲਈ 90 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਮ੍ਰਿਤਕ ਹਰਜੀਤ ਕੌਰ ਦੇ ਪਰਵਾਰ ਦੀ ਮਾਲੀ ਮਦਦ ਲਈ 4 ਲੱਖ ਰੁਪਏ ਦੀ ਪਰਪੋਜਲ ਬਣਾ ਕੇ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਵਾਸਤੇ ਭੇਜੀ ਹੈ। ਪੁਲਿਸ ਥਾਣਾ ਲੱਖੇਵਾਲੀ ਦੇ ਹੌਲਦਾਰ ਸੁਖਵਿੰਦਰ ਸਿੰਘ ਜੋ ਇਸ ਮਾਮਲੇ ਦੇ ਤਫਤੀਸ਼ੀ ਅਫ਼ਸਰ ਹਨ ਨੇ ਦੱਸਿਆ ਕਿ ਮ੍ਰਿਤਕ ਹਰਜੀਤ ਕੌਰ ਦੀ ਮੌਤ ਸਬੰਧੀ 174 ਦੀ ਕਾਵਾਈ ਕੀਤੀ ਜਾ ਰਹੀ ਹੈ। ਜ਼ਖ਼ਮੀ ਹੋਏ ਘਰ ਦੇ ਮੁੱਖੀ ਜਸਪਾਲ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਲਗਭਗ 6-7 ਮਹੀਨੇ ਪਹਿਲਾਂ ਘਰ ਦੀ ਖਸਤਾ ਹਾਲਤ ਬਾਰੇ ਸਰਕਾਰ ਨੂੰ ਲਿਖਤੀ ਬੇਨਤੀ

ਕੀਤੀ ਸੀ, ਇਸ ਉਪਰੰਤ 2-3 ਮਹੀਨੇ ਪਹਿਲਾਂ ਦੁਬਾਰਾ ਫਿਰ ਸਰਕਾਰ ਨੂੰ ਫਾਰਮ ਭਰ ਕੇ ਭੇਜਿਆ ਸੀ। ਪ੍ਰੰਤੂ ਕਿਸੇ ਮਹਿਕਮੇ ਵਲੋਂ ਸਾਡੀ ਕੋਈ ਮਦਦ ਨਹੀਂ ਨਹੀਂ ਕੀਤੀ ਗਈ।  ਇਸ ਸਬੰਧੀ ਡੀ.ਡੀ.ਪੀ.ਓ. ਅਰੁਣ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖਸਤਾ ਮਕਾਨਾਂ ਸਬੰਧੀ ਸਰਵੇ ਕਰਵਾਇਆ ਜਾਂਦਾ ਹੈ, ਮੈਂ ਵੇਖਦਾ ਹਾਂ ਕਿ ਉਕਤ ਪਰਵਾਰ ਸਰਵੇ ਅਧੀਨ ਆਇਆ ਹੈ ਜਾਂ ਨਹੀ ਅਤੇ ਮਦਦ ਤੋਂ ਕਿਉਂ ਵਾਂਝਾ ਰਿਹਾ। ਮੌਜੂਦਾ ਸਥਿਤੀ ਕੀ ਹੈ ਰਿਕਾਰਡ ਦੇਖ ਕੇ ਪਤਾ ਲੱਗੇਗਾ।